ਚੱਲਦੀ ਟਰੇਨ ''ਚ ਮਾਂ ਬਣੀ ਕੁੜੀ, ਪਿਤਾ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਮਗਰੋਂ ਹੋਈ ਸੀ ਗਰਭਵਤੀ
Tuesday, Jul 08, 2025 - 12:29 PM (IST)

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਮੁਰਾਦਾਬਾਦ ਜੰਕਸ਼ਨ 'ਤੇ ਸਮਰ ਸਪੈਸ਼ਲ ਟਰੇਨ ਦੇ ਜਨਰਲ ਕੋਚ 'ਚ ਇਕ ਬੈਗ ਦੇ ਅੰਦਰ ਇਕ ਨਵਜੰਮਿਆ ਬੱਚਾ ਮਿਲਿਆ। ਪੁਲਸ ਜਾਂਚ 'ਚ ਪਤਾ ਲੱਗਾ ਕਿ ਬੱਚਾ ਇਕ ਨਾਬਾਲਗ ਕੁੜੀ ਦਾ ਸੀ, ਜੋ ਆਪਣੇ ਪਿਤਾ ਵਲੋਂ ਜਬਰ ਜ਼ਿਨਾਹ ਕੀਤੇ ਜਾਣ ਤੋਂ ਬਾਅਦ ਗਰਭਵਤੀ ਹੋ ਗਈ ਸੀ। ਨਾਬਾਲਗ ਕੁੜੀ ਦਾ ਪਰਿਵਾਰ ਉਸ ਨੂੰ 22 ਜੂਨ ਨੂੰ ਇਲਾਜ ਲਈ ਦਿੱਲੀ ਲਿਜਾ ਰਿਹਾ ਸੀ, ਉਦੋਂ ਕੁੜੀ ਨੇ ਟਰੇਨ ਦੇ ਟਾਇਲਟ 'ਚ ਬੱਚੇ ਨੂੰ ਜਨਮ ਦਿੱਤਾ। ਪਰਿਵਾਰਕ ਮੈਂਬਰਾਂ ਨੇ ਨਵਜੰਮੇ ਬੱਚੇ ਨੂੰ ਇਕ ਬੈਗ 'ਚ ਰੱਖਿਆ ਅਤੇ ਵਾਪਸ ਆ ਗਏ।
ਇਹ ਵੀ ਪੜ੍ਹੋ : 4 ਬੱਚਿਆਂ ਦੀ ਮਾਂ ਨੇ ਰਚਾਇਆ 4 ਬੱਚਿਆਂ ਦੇ ਪਿਓ ਨਾਲ ਵਿਆਹ
ਪੁਲਸ ਨੂੰ ਇਕ ਬੈਗ 'ਚ ਬੱਚੇ ਨਾਲ ਇਕ ਸਿਮ ਕਾਰਡ ਮਿਲਿਆ, ਜਿਸ ਤੋਂ ਨਵਜਾਤ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਗਿਆ। ਦੱਸਣਯੋਗ ਹੈ ਕਿ 22 ਜੂਨ ਨੂੰ ਸਮਰ ਸਪੈਸ਼ਲ ਟਰੇਨ 'ਚ ਇਕ ਬੈਗ 'ਚ ਇਕ ਬੱਚੇ ਦੀ ਸੂਚਨਾ ਮਿਲੀ ਸੀ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬੈਗ 'ਚੋਂ ਬਿਹਾਰ ਦਾ ਇਕ ਸਿਮ ਕਾਰਡ ਵੀ ਬਰਾਮਦ ਕੀਤਾ ਗਿਆ। ਜਦੋਂ ਪਤਾ ਲਗਾਇਆ ਗਿਆ ਤਾਂ ਸਿਮ ਕਾਰਡ ਦੇ ਮਾਲਕ ਨੇ ਦੱਸਿਆ ਕਿ ਬੱਚਾ ਉਸ ਦੀ ਇਕ ਰਿਸ਼ਤੇਦਾਰ ਨਾਬਾਲਗ ਕੁੜੀ ਦਾ ਸੀ, ਜੋ ਜਬਰ ਜ਼ਿਨਾਹ ਤੋਂ ਬਾਅਦ ਗਰਭਵਤੀ ਹੋ ਗਈ ਸੀ।''
ਇਹ ਵੀ ਪੜ੍ਹੋ : ਬਾਗੇਸ਼ਵਰ ਧਾਮ 'ਚ ਮੁੜ ਵਾਪਰਿਆ ਹਾਦਸਾ, ਇਕ ਸ਼ਰਧਾਲੂ ਦੀ ਗਈ ਜਾਨ ਤੇ ਕਈ ਜ਼ਖ਼ਮੀ
ਮੁਰਾਦਾਬਾਦ ਜੰਕਸ਼ਨ ਦੇ ਜੀਆਰਪੀ (ਗਵਰਨਮੈਂਟ ਰੇਲਵੇ ਪੁਲਸ) ਸਟੇਸ਼ਨ ਹੈੱਡ ਰਵਿੰਦਰ ਵਸ਼ਿਸਠ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਾਲੇ ਕੁੜੀ ਨੂੰ ਦਿੱਲੀ ਲੈ ਜਾ ਰਹੇ ਸਨ, ਇਸੇ ਦੌਰਾਨ ਕੁੜੀ ਨੇ ਟਰੇਨ 'ਚ ਬੱਚੇ ਨੂੰ ਜਨਮ ਦਿੱਤਾ। ਡਰੇ-ਸਹਿਮੇ ਉਨ੍ਹਾਂ ਨੇ ਬੱਚੇ ਨੂੰ ਬੈਗ 'ਚ ਪਾ ਕੇ ਜਨਰਲ ਕੋਚ 'ਚ ਰੱਖ ਦਿੱਤਾ ਅਤੇ ਟਰੇਨ ਰਾਹੀਂ ਵਾਪਸ ਆ ਗਏ।'' ਪੁਲਸ ਅਨੁਸਾਰ ਪੀੜਤਾ ਨੇ ਆਪਣੇ ਪਿਤਾ 'ਤੇ ਜਬਰ ਜ਼ਿਨਾਹ ਕਰਨ ਦੀ ਗੱਲ ਕਬੂਲ ਕੀਤੀ। ਉਨ੍ਹਾਂ ਦੱਸਿਆ ਕਿ ਪੀੜਤਾ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਅਤੇ ਬਿਆਨ ਦਰਜ ਕੀਤੇ ਗਏ, ਜਿਸ 'ਚ ਦੱਸਿਆ ਗਿਆ ਕਿ ਜਬਰ ਜ਼ਿਨਾਹ ਪੀੜਤਾ ਦੇ ਪਿਤਾ ਨੇ ਕੀਤਾ ਹੈ।'' ਪੁਲਸ ਨੇ ਸੰਬੰਧਤ ਧਾਰਾਵਾਂ 'ਚ ਮਾਮਲਾ ਦਰਜ ਕਰ ਲਿਆ ਹੈ। ਅੱਗੇ ਦੀ ਜਾਂਚ ਬਿਹਾਰ ਪੁਲਸ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8