ਮਰ ਗਈ ਇਨਸਾਨੀਅਤ! ''ਮਨਹੂਸ'' ਮੰਨ ਜਵਾਕੜੀ ਨੂੰ ਹਾਈਵੇਅ ''ਤੇ ਛੱਡ ਗਿਆ ਜੋੜਾ
Monday, Apr 27, 2026 - 06:38 PM (IST)
ਭੋਪਾਲ: ਮੱਧ ਪ੍ਰਦੇਸ਼ ਦੇ ਗੁਨਾ ਦੇ ਇੱਕ ਕਾਰੋਬਾਰੀ ਤੇ ਉਸ ਦੀ ਪਤਨੀ ਨੂੰ ਆਪਣੀ ਢਾਈ ਸਾਲ ਦੀ ਬੱਚੀ ਨੂੰ ਸ਼ਿਓਪੁਰ ਜ਼ਿਲ੍ਹੇ ਵਿੱਚ ਹਾਈਵੇਅ 'ਤੇ ਲਾਵਾਰਿਸ ਛੱਡਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜੋੜੇ ਨੇ ਬੱਚੀ ਨੂੰ ਸਿਰਫ ਇਸ ਲਈ ਛੱਡ ਦਿੱਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਉਨ੍ਹਾਂ ਦੇ ਪਰਿਵਾਰ ਅਤੇ ਕਾਰੋਬਾਰ ਲਈ "ਮਨਹੂਸ" ਲੈ ਕੇ ਆਈ ਹੈ।
ਬਾਲ ਤਸਕਰੀ ਰੈਕੇਟ ਦਾ ਪਰਦਾਫਾਸ਼
ਪੁਲਸ ਜਾਂਚ 'ਚ ਇਹ ਮਾਮਲਾ ਸਿਰਫ਼ ਬੱਚੀ ਨੂੰ ਛੱਡਣ ਤੱਕ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਇੱਕ ਵੱਡੇ ਬਾਲ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਅਨੁਸਾਰ, ਇਸ ਜੋੜੇ ਨੇ ਬੱਚੀ ਨੂੰ ਕਾਨੂੰਨੀ ਤੌਰ 'ਤੇ ਗੋਦ ਨਹੀਂ ਸੀ ਲਿਆ, ਸਗੋਂ ਇੰਦੌਰ ਦੇ ਇੱਕ ਗੈਰ-ਕਾਨੂੰਨੀ ਨੈੱਟਵਰਕ ਰਾਹੀਂ ਲਗਭਗ 1 ਲੱਖ ਰੁਪਏ ਵਿੱਚ "ਖਰੀਦਿਆ" ਸੀ। ਇਹ ਸੌਦਾ ਇੰਦੌਰ ਦੇ ਇੱਕ ਬਿਊਟੀ ਪਾਰਲਰ ਸੰਚਾਲਕ ਤੇ ਉਸਦੇ ਸਾਥੀਆਂ ਰਾਹੀਂ ਹੋਇਆ ਸੀ।
ਇੰਝ ਹੋਈ ਮੁਲਜ਼ਮਾਂ ਦੀ ਪਛਾਣ
ਬੱਚੀ 18 ਅਪ੍ਰੈਲ ਨੂੰ ਸ਼ਿਓਪੁਰ ਦੇ ਸੋਇਨਕਲਾਂ ਵਿੱਚ ਨੈਸ਼ਨਲ ਹਾਈਵੇਅ-552 'ਤੇ ਇਕੱਲੀ ਮਿਲੀ ਸੀ। ਡਾਇਲ-112 'ਤੇ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਬੱਚੀ ਨੂੰ ਸਥਾਨਕ ਬਾਲ ਭਲਾਈ ਕਮੇਟੀ (CWC) ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਸੀਸੀਟੀਵੀ ਫੁਟੇਜ, ਤਕਨੀਕੀ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਗੱਡੀ ਦੀ ਪਛਾਣ ਕੀਤੀ ਜਿਸ ਵਿੱਚ ਬੱਚੀ ਨੂੰ ਲਿਆਂਦਾ ਗਿਆ ਸੀ। ਸਖ਼ਤ ਪੁੱਛਗਿੱਛ ਦੌਰਾਨ ਜੋੜੇ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਸਰੀਰਕ ਸ਼ੋਸ਼ਣ ਦਾ ਖੁਲਾਸਾ
ਬੱਚੀ ਦੀ ਇੱਕ ਸਾਬਕਾ ਦੇਖਭਾਲ ਕਰਨ ਵਾਲੀ ਔਰਤ ਨੇ ਪੁਲਸ ਨੂੰ ਦੱਸਿਆ ਕਿ ਬੱਚੀ ਨਾਲ ਸਰੀਰਕ ਤਸ਼ੱਦਦ ਵੀ ਕੀਤਾ ਜਾਂਦਾ ਸੀ। ਉਸਨੇ ਦੱਸਿਆ ਕਿ ਉਹ 20,000 ਰੁਪਏ ਪ੍ਰਤੀ ਮਹੀਨਾ ਦੀ ਨੌਕਰੀ 'ਤੇ ਰੱਖੀ ਗਈ ਸੀ, ਪਰ ਤਨਖਾਹ ਨਾ ਮਿਲਣ ਕਾਰਨ ਉਸਨੇ ਕੰਮ ਛੱਡ ਦਿੱਤਾ ਸੀ। ਪੁਲਸ ਹੁਣ ਬੱਚੀ ਦੇ ਅਸਲੀ ਮਾਪਿਆਂ ਦੀ ਭਾਲ ਕਰ ਰਹੀ ਹੈ ਅਤੇ ਇਸ ਤਸਕਰੀ ਰੈਕੇਟ ਦੀ ਤਹਿ ਤੱਕ ਜਾਣ ਲਈ ਕਾਰਵਾਈ ਜਾਰੀ ਹੈ। ਪੁਲਸ ਨੇ ਕਾਰੋਬਾਰੀ ਜੋੜੇ ਵਿਰੁੱਧ ਤਸਕਰੀ ਅਤੇ ਜੁਵੇਨਾਈਲ ਜਸਟਿਸ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
