ਪ੍ਰੇਮੀ ਨਾਲ ਰੈਸਟੋਰੈਂਟ ''ਚ ਬੈਠੀ ਧੀ ਨੂੰ ਵੇਖਦੇ ਸਾਰ ਪਿਤਾ ਨੇ ਗੋਲੀਆਂ ਨਾਲ ਭੁੰਨਿਆ, ਮੌਕੇ ''ਤੇ ਮੌਤ
Tuesday, Sep 30, 2025 - 01:32 PM (IST)

ਆਜ਼ਮਗੜ੍ਹ : ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਿਤਾ ਨੇ ਆਪਣੀ ਹੀ ਨਾਬਾਲਗ ਧੀ ਅਤੇ ਉਸਦੇ ਪ੍ਰੇਮੀ ਨੂੰ ਰੈਸਟੋਰੈਂਟ ਵਿੱਚ ਇਕੱਠੇ ਦੇਖ ਕੇ ਗੁੱਸੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ। ਗੋਲੀ ਲੱਗਣ ਕਾਰਨ 15 ਸਾਲਾ ਕੁੜੀ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦਕਿ ਉਸਦਾ ਪ੍ਰੇਮੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪੁਲਸ ਅਨੁਸਾਰ, ਦੇਵਗਾਂਵ ਥਾਣਾ ਖੇਤਰ ਦੇ ਲਾਲਗੰਜ ਬਾਈਪਾਸ ਰੋਡ 'ਤੇ ਸਥਿਤ 'ਨਿਊ ਵੈਲਕਮ ਫੈਮਿਲੀ ਰੈਸਟੋਰੈਂਟ' ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਪਿਤਾ ਨੇ ਆਪਣੀ ਧੀ ਅਤੇ ਉਸਦੇ ਪ੍ਰੇਮੀ 'ਤੇ ਪਿਸਤੌਲ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਪੁਲਸ ਸੁਪਰਡੈਂਟ ਮਧੂਬਨ ਕੁਮਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ 15 ਸਾਲਾ ਲੜਕੀ ਪਕੜੀ ਖੁਰਦ ਪਿੰਡ ਦੀ ਰਹਿਣ ਵਾਲੀ ਸੀ ਅਤੇ ਉਸਦਾ ਮਸੀਰਪੁਰ ਪਿੰਡ ਦੇ 20 ਸਾਲਾ ਆਦਿੱਤਿਆ ਸਿੰਘ ਨਾਲ ਪ੍ਰੇਮ ਸਬੰਧ ਸੀ। ਦੋਵੇਂ ਸ਼ੁੱਕਰਵਾਰ ਦੁਪਹਿਰ ਨੂੰ ਰੈਸਟੋਰੈਂਟ ਵਿੱਚ ਬੈਠ ਕੇ ਗੱਲਬਾਤ ਕਰ ਰਹੇ ਸਨ, ਇਸੇ ਦੌਰਾਨ ਅਚਾਨਕ ਲੜਕੀ ਦਾ ਪਿਤਾ ਨੀਰਜ ਸਿੰਘ ਵੀ ਉੱਥੇ ਪਹੁੰਚ ਗਿਆ। ਦੋਵਾਂ ਨੂੰ ਰੈਸਟੋਰੈਂਟ ਅੰਦਰ ਬੈਠਿਆ ਵੇਖ ਲੜਕੀ ਦੇ ਪਿਤਾ ਨੇ ਗੁੱਸੇ ਵਿੱਚ ਆ ਕੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਹੁੰਦਿਆਂ ਹੀ ਰੈਸਟੋਰੈਂਟ ਵਿੱਚ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਮੁੰਡਾ-ਕੁੜੀ ਦੋਵੇਂ ਜ਼ਖਮੀ ਹੋ ਕੇ ਜ਼ਮੀਨ 'ਤੇ ਡਿੱਗ ਪਏ। ਸੂਚਨਾ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਨੂੰ ਲਾਲਗੰਜ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਵਾਰਾਣਸੀ ਰੈਫਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਕੁੜੀ ਨੇ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. ਮਧੂਬਨ ਕੁਮਾਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਮੌਕੇ ਤੋਂ ਕਈ ਅਹਿਮ ਸਬੂਤ ਇਕੱਠੇ ਕੀਤੇ ਹਨ ਅਤੇ ਆਸਪਾਸ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਇੱਜ਼ਤ ਦੇ ਨਾਂ 'ਤੇ ਕਤਲ (ਆਨਰ ਕੀਲਿੰਗ) ਦਾ ਜਾਪ ਰਿਹਾ ਹੈ, ਕਿਉਂਕਿ ਪਿਤਾ ਆਪਣੀ ਨਾਬਾਲਗ ਧੀ ਦੇ ਪ੍ਰੇਮ ਸਬੰਧਾਂ ਤੋਂ ਨਾਰਾਜ਼ ਸੀ। ਪੁਲਸ ਨੇ ਕਿਹਾ ਹੈ ਕਿ ਘਟਨਾ ਦੀ ਅਸਲ ਵਜ੍ਹਾ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਡਰ ਦਾ ਮਾਹੌਲ ਹੈ।