50 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਬੱਚੀ ਦੀ ਮੌਤ, 17 ਘੰਟੇ ਚਲੀ ਬਚਾਅ ਮੁਹਿੰਮ ਮਗਰੋਂ ਹਾਰੀ ਜ਼ਿੰਦਗੀ ਦੀ ਜੰਗ
Saturday, Jun 15, 2024 - 12:07 PM (IST)
ਅਮਰੋਲੀ- ਗੁਜਰਾਤ ਦੇ ਅਮਰੋਲੀ ਵਿਚ ਬੋਰਵੈੱਲ 'ਚ ਡਿੱਗੀ ਬੱਚੀ ਜ਼ਿੰਦਗੀ ਦੀ ਜੰਗ ਹਾਰ ਗਈ। ਰਾਸ਼ਟਰੀ ਆਫ਼ਤ ਮੋਚਨ ਬਲ (NDRF) ਅਤੇ ਸਥਾਨਕ ਪ੍ਰਸ਼ਾਸਨ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀ ਬੱਚੀ ਨੂੰ ਬਚਾਇਆ ਨਹੀਂ ਜਾ ਸਕਿਆ। ਬੱਚੀ ਦੀ ਉਮਰ ਮਹਿਜ ਡੇਢ ਸਾਲ ਸੀ ਅਤੇ ਉਹ ਹੋਰ ਬੱਚਿਆਂ ਨਾਲ ਖੇਡ ਰਹੀ ਸੀ। ਘਟਨਾ ਗੁਜਰਾਤ ਦੇ ਅਮਰੋਲੀ ਜ਼ਿਲ੍ਹੇ ਦੇ ਸੂਰਜਪੁਰਾ ਪਿੰਡ ਦੀ ਹੈ, ਜਿੱਥੇ 50 ਫੁੱਟ ਡੂੰਘੇ ਬੋਰਵੈੱਲ 'ਚ ਬੱਚੀ ਡਿੱਗ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਡੇਢ ਸਾਲ ਦੀ ਬੱਚੀ ਆਰੋਹੀ ਸ਼ੁੱਕਰਵਾਰ ਦੁਪਹਿਰ ਕਰੀਬ ਸਾਢੇ 12 ਵਜੇ ਬੋਰਵੈੱਲ ਵਿਚ ਡਿੱਗ ਗਈ। NDRF ਦੀ ਟੀਮ ਨੇ 17 ਘੰਟਿਆਂ ਦੀ ਬਚਾਅ ਮੁਹਿੰਮ ਮਗਰੋਂ ਸ਼ਨੀਵਾਰ ਨੂੰ ਉਸ ਨੂੰ ਬਾਹਰ ਕੱਢਿਆ। ਬੱਚੀ ਉਸ ਸਮੇਂ ਬੇਸੁੱਧ ਸੀ, ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- 300 ਕਰੋੜ ਦੀ ਜਾਇਦਾਦ ਲਈ ਨੂੰਹ ਨੇ ਸਹੁਰੇ ਦਾ ਕਰਵਾਇਆ ਕਤਲ, ਇੰਝ ਖੁੱਲ੍ਹਿਆ ਸਾਰਾ ਭੇਤ
NDRF ਨੇ ਦੱਸਿਆ ਕਿ ਬੋਰਵੈੱਲ 500 ਫੁੱਟ ਡੂੰਘਾ ਸੀ ਅਤੇ ਉਸ ਵਿਚ ਡਿੱਗਣ ਮਗਰੋਂ ਬੱਚੀ ਕਰੀਬ 50 ਫੁੱਟ ਦੀ ਡੂੰਘਾਈ 'ਤੇ ਫਸ ਗਈ ਸੀ। ਸਵੇਰੇ ਕਰੀਬ 5 ਵਜੇ ਬੱਚੀ ਨੂੰ ਬੇਹੋਸ਼ੀ ਦੀ ਹਾਲਤ ਵਿਚ ਬਾਹਰ ਕੱਢਿਆ ਗਿਆ। ਅਮਰੇਲੀ ਦੇ ਫਾਇਰ ਬ੍ਰਿਗੇਡ ਅਧਿਕਾਰੀ ਐੱਚ. ਸੀ. ਗਢਵੀ ਨੇ ਦੱਸਿਆ ਕਿ ਬੋਰਵੈੱਲ ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- NEET 'ਤੇ ਵੱਡਾ ਫ਼ੈਸਲਾ; 1563 ਵਿਦਿਆਰਥੀਆਂ ਦੇ ਗ੍ਰੇਸ ਅੰਕ ਰੱਦ, ਮੁੜ ਹੋਵੇਗੀ ਪ੍ਰੀਖਿਆ
ਅਧਿਕਾਰੀ ਮੁਤਾਬਕ ਫਾਇਰ ਬ੍ਰਿਗੇਡ ਵਿਭਾਗ ਨੇ ਘਟਨਾ ਦੀ ਸੂਚਨਾ ਮਿਲਣ ਦੇ ਤੁਰੰਤ ਬਾਅਦ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਸੀ ਅਤੇ ਬਾਅਦ ਵਿਚ ਗਾਂਧੀਨਗਰ ਤੋਂ NDRF ਦੀ ਇਕ ਟੀਮ ਨੂੰ ਵੀ ਸਹਿਯੋਗ ਲਈ ਬੁਲਾਇਆ ਗਿਆ। ਗਾਂਧੀਨਗਰ ਤੋਂ NDRF ਇਕ ਟੀਮ ਸ਼ੁੱਕਰਵਾਰ ਰਾਤ 10 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਬਚਾਅ ਮੁਹਿੰਮ ਵਿਚ ਸ਼ਾਮਲ ਹੋਈ। ਗਢਵੀ ਨੇ ਦੱਸਿਆ ਕਿ ਬਚਾਅ ਮੁਹਿੰਮ ਦੇ ਸ਼ੁਰੂਆਤੀ ਘੰਟਿਆਂ ਦੌਰਾਨ ਬੱਚੀ ਵਿਚ ਕੋਈ ਹਲਚਲ ਨਹੀਂ ਦਿੱਸੀ। ਬੱਚੀ ਦੀ ਜ਼ਿੰਦਗੀ ਬਚਾਉਣ ਲਈ ਉਸ ਨੂੰ 108-ਐਂਬੂਲੈਂਸ ਸੇਵਾ ਦਲ ਜ਼ਰੀਏ ਆਕਸੀਜਨ ਪ੍ਰਦਾਨ ਕੀਤੀ ਗਈ। ਬੱਚੀ ਦੀ ਮੌਤ ਮਗਰੋਂ ਉਸ ਦੇ ਘਰ ਵਿਚ ਮਾਤਮ ਪਸਰਿਆ ਹੋਇਆ ਹੈ।
ਇਹ ਵੀ ਪੜ੍ਹੋ- ਲੀਕ ਨਾ ਹੋਵੇ ਜਾਣਕਾਰੀ, PM ਮੋਦੀ ਨੇ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਲਈ ਅਪਣਾਇਆ ਨਵਾਂ ਪੈਂਤੜਾ