ਗਿਰੀਸ਼ ਕਰਨਾਡ ਦੇ ਦਿਹਾਂਤ ''ਤੇ ਰਾਸ਼ਟਰਪਤੀ, ਪੀ. ਐੱਮ. ਨੇ ਜਤਾਇਆ ਦੁੱਖ
Monday, Jun 10, 2019 - 12:14 PM (IST)

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਸ਼ਹੂਰ ਨਾਟਕਕਾਰ ਅਤੇ ਅਭਿਨੇਤਾ ਗਿਰੀਸ਼ ਕਰਨਾਡ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਉਨ੍ਹਾਂ ਨੂੰ ਉਨ੍ਹਾਂ ਦੇ ਕੰਮ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਕਰਨਾਡ ਦੇ ਦਿਹਾਂਤ ਨਾਲ ਭਾਰਤ ਦਾ ਸੱਭਿਆਚਾਰਕ ਜਗਤ ਸੁੰਨਾ ਹੋ ਗਿਆ ਹੈ।
ਉਨ੍ਹਾਂ ਟਵਿੱਟਰ 'ਤੇ ਟਵੀਟ ਕੀਤਾ, ''ਲੇਖਕ, ਅਭਿਨੇਤਾ ਅਤੇ ਭਾਰਤੀ ਰੰਗ-ਮੰਚ ਦੇ ਮਜ਼ਬੂਤ ਹਸਤਾਖਰ ਗਿਰੀਸ਼ ਕਰਨਾਡ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਹੋਇਆ ਹੈ। ਉਨ੍ਹਾਂ ਦੇ ਜਾਣ ਨਾਲ ਸਾਡੇ ਸੱਭਿਆਚਾਰਕ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਕਲਾ ਦੇ ਅਣਗਿਣਤ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦਰੀ।''
ਪੀ. ਐੱਮ. ਮੋਦੀ ਨੇ ਕਿਹਾ ਕਿ ਕਰਨਾਡ ਨੂੰ ਉਨ੍ਹਾਂ ਦੇ ਅਭਿਨੈ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਟਵਿੱਟਰ 'ਤੇ ਟਵੀਟ ਕੀਤਾ, ''ਕਰਨਾਡ ਉਨ੍ਹਾਂ ਮੁੱਦਿਆਂ 'ਤੇ ਵੀ ਭਾਵੁਕਤਾ ਨਾਲ ਬੋਲਦੇ ਸਨ, ਜੋ ਉਨ੍ਹਾਂ ਨੂੰ ਚੰਗੇ ਲੱਗਦੇ ਸਨ। ਆਉਣ ਵਾਲੇ ਸਾਲਾਂ ਵਿਚ ਉਨ੍ਹਾਂ ਦੇ ਕੰਮ ਦੀ ਲੋਕਪ੍ਰਿਅਤਾ ਬਣੀ ਰਹੇਗੀ। ਉਨ੍ਹਾਂ ਦੇ ਦਿਹਾਂਤ ਤੋਂ ਦੁਖੀ ਹਾਂ।'' ਦੱਸਣਯੋਗ ਹੈ ਕਿ ਬੈਂਗਲੁਰੂ 'ਚ ਲੰਬੀ ਬੀਮਾਰੀ ਤੋਂ ਬਾਅਦ 81 ਸਾਲ ਦੀ ਉਮਰ ਵਿਚ ਕਰਨਾਡ ਦਾ ਸੋਮਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੇ ਬਾਲੀਵੁੱਡ ਫਿਲਮ ਇੰਡਸਟਰੀ ਵਿਚ ਕਈ ਫਿਲਮਾਂ ਕੀਤੀਆਂ।