ਚੋਣ ਬਾਂਡ ਦਾ 95 ਫੀਸਦੀ ਹਿੱਸਾ ਮਿਲ ਰਿਹੈ ਭਾਜਪਾ ਨੂੰ, ਦੂਜੀਆਂ ਪਾਰਟੀਆਂ ਨੂੰ ਚੰਦਾ ਦੇਣ ਤੋਂ ਡਰਦੇ ਨੇ ਦਾਨੀ: ਗਹਿਲੋਤ
Sunday, Oct 30, 2022 - 01:00 PM (IST)
ਸੂਰਤ (ਭਾਸ਼ਾ)– ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਾਅਵਾ ਕੀਤਾ ਹੈ ਕਿ ਚੋਣ ਬਾਂਡ ਦਾ 95 ਫੀਸਦੀ ਹਿੱਸਾ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਿਲ ਰਿਹਾ ਹੈ। ਦਾਨਕਰਤਾ ਡਰ ਕਾਰਨ ਦੂਜੀਆਂ ਪਾਰਟੀਆਂ ਨੂੰ ਚੰਦਾ ਨਹੀਂ ਦੇ ਰਹੇ।
ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਲਈ ਕਾਂਗਰਸ ਦੀ ਚੋਣ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ ਸ਼ਨੀਵਾਰ ਸੂਰਤ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਗਹਿਲੋਤ ਨੇ ਭਾਜਪਾ ’ਤੇ ਉਨ੍ਹਾਂ ਉਦਯੋਗਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ‘ਧਮਕਾਉਣ’ ਦਾ ਦੋਸ਼ ਲਾਇਆ ਜੋ ਕਾਂਗਰਸ ਅਤੇ ਹੋਰ ਸਿਆਸੀ ਪਾਰਟੀਆਂ ਨੂੰ ਚੰਦਾ ਦੇਣਾ ਚਾਹੁੰਦੇ ਹਨ।
ਉਨ੍ਹਾਂ ਆਮ ਆਦਮੀ ਪਾਰਟੀ (ਆਪ) ਅਤੇ ਇਸ ਦੇ ਮੁਖੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਹ ਆਪਣੇ ਵਿਰੁੱਧ ਕਿਸੇ ਵੀ ਨਾਂਹਪੱਖੀ ਖਬਰ ਨੂੰ ਦਬਾਉਣ ਲਈ ਪੈਸਾ ਖਰਚ ਕਰਦੇ ਹਨ।
ਗਹਿਲੋਤ ਨੇ ਕਿਹਾ ਕਿ ਜੇ ਹੋਰ ਪਾਰਟੀਆਂ ਨੂੰ ਚੰਦਾ ਦਿੱਤਾ ਜਾਂਦਾ ਹੈ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਅਤੇ ਆਮਦਨ ਕਰ ਵਿਭਾਗ ਵਾਲੇ ਦਾਨਕਰਤਾ ਦੇ ਦਰਵਾਜ਼ੇ ’ਤੇ ਪਹੁੰਚ ਜਾਂਦੇ ਹਨ।
ਸੱਤਾਧਾਰੀ ਭਾਜਪਾ ’ਤੇ ‘ਫਾਸ਼ੀਵਾਦੀ’ ਹੋਣ ਦਾ ਦੋਸ਼ ਲਾਉਂਦੇ ਹੋਏ ਗਹਿਲੋਤ ਨੇ ਕਿਹਾ ਕਿ ਪਾਰਟੀ ਕਿਸੇ ਨੀਤੀ, ਪ੍ਰੋਗਰਾਮ ਜਾਂ ਸਿਧਾਂਤਾਂ ਦੀ ਬਜਾਏ ਧਾਰਮਿਕ ਆਧਾਰ ’ਤੇ ਚੋਣਾਂ ਜਿੱਤਦੀ ਹੈ। ਗੁਜਰਾਤ ਮਹਾਤਮਾ ਗਾਂਧੀ ਦੀ ਧਰਤੀ ਹੈ ਪਰ ਇੱਥੇ ਹਿੰਸਾ ਅਤੇ ਅਸ਼ਾਂਤੀ ਦਾ ਮਾਹੌਲ ਹੈ। ਸਥਿਤੀ ਲੋਕਤੰਤਰ ਲਈ ਖ਼ਤਰਨਾਕ ਹੈ। ਸਮਾਜ ਦੇ ਸਾਰੇ ਵਰਗ ਭਾਜਪਾ ਤੋਂ ਨਾਖੁਸ਼ ਹਨ। ਇਸ ਸਰਕਾਰ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ।