ਕਈ ਉਤਰਾਵਾਂ-ਚੜ੍ਹਾਵਾਂ ਨਾਲ ਭਰਿਆ ਰਿਹਾ ਹੈ ਗੀਤਾ ਪ੍ਰੈੱਸ ਦਾ 100 ਸਾਲ ਦਾ ਇਤਿਹਾਸ
Saturday, Jul 08, 2023 - 02:54 PM (IST)
ਜਲੰਧਰ, (ਅਨਿਲ ਪਾਹਵਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ ਗੀਤਾ ਪ੍ਰੈੱਸ ਦੇ ਸ਼ਤਾਬਦੀ ਸਾਲ ਦੇ ਸਮਾਪਤੀ ਸਮਾਗਮ ਵਿਚ ਹਿੱਸਾ ਲਿਆ। ਉਨ੍ਹਾਂ ਗੀਤਾ ਪ੍ਰੈੱਸ ਦੀ ਤੁਲਨਾ ਮੰਦਰ ਨਾਲ ਕੀਤੀ। ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਸ਼ਾਇਦ ਗੀਤਾ ਪ੍ਰੈੱਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਨਹੀਂ ਜਾਣਦੇ ਹੋਣਗੇ ਜਿਵੇਂ ਗੀਤਾ ਪ੍ਰੈੱਸ ਦੀ ਸ਼ੁਰੂਆਤ ਕਿਵੇਂ ਹੋਈ ਜਾਂ ਇਸ ਪ੍ਰੈੱਸ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਪੁਸਤਕਾਂ ਦੀ ਗਿਣਤੀ ਹੁਣ ਤਕ ਕਿੰਨੀ ਹੋ ਚੁੱਕੀ ਹੈ ਜਾਂ ਰੋਜ਼ਾਨਾ ਇੱਥੇ ਕਿੰਨੀਆਂ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨ।
ਇੰਝ ਹੋਈ ਸ਼ੁਰੂਆਤ
ਗੀਤਾ ਪ੍ਰੈੱਸ ਦਾ ਇਤਿਹਾਸ 100 ਸਾਲ ਪੁਰਾਣਾ ਹੋ ਚੁੱਕਾ ਹੈ ਅਤੇ ਇਹ ਕਈ ਉਤਰਾਵਾਂ-ਚੜ੍ਹਾਵਾਂ ਨਾਲ ਭਰਪੂਰ ਰਿਹਾ ਹੈ। ਕਈ ਵਾਰ ਗੀਤਾ ਪ੍ਰੈੱਸ ਨੂੰ ਲੈ ਕੇ ਵਿਵਾਦ ਵੀ ਹੋਏ ਅਤੇ ਹੁਣੇ ਜਿਹੇ ਗਾਂਧੀ ਸ਼ਾਂਤੀ ਪੁਰਸਕਾਰ ਦੇਣ ਦਾ ਐਲਾਨ ਵੀ ਕੀਤਾ ਗਿਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਗੀਤਾ ਪ੍ਰੈੱਸ ਦੀ ਸ਼ੁਰੂਆਤ ਬੜੇ ਹੀ ਦਿਲਚਸਪ ਢੰਗ ਨਾਲ ਹੋਈ ਸੀ।
ਰਾਜਸਥਾਨ ਦੇ ਚੁਰੂ ਨਾਲ ਸਬੰਧਤ ਸੇਠ ਜੈਦਿਆਲ ਗੋਯੰਦਕਾ ਨੇ ਲੋਕਾਂ ਨੂੰ ਵੰਡਣ ਲਈ ਕੋਲਕਾਤਾ ਦੀ ਇਕ ਪ੍ਰਿੰਟਿੰਗ ਪ੍ਰੈੱਸ ਤੋਂ ਗੀਤਾ ਦੀਆਂ 5000 ਕਾਪੀਆਂ ਪ੍ਰਕਾਸ਼ਿਤ ਕਰਵਾਈਆਂ ਪਰ ਤਿਆਰ ਕੀਤੀਆਂ ਗਈਆਂ ਕਾਪੀਆਂ ਵਿਚ ਕਈ ਅਸ਼ੁੱਧੀਆਂ ਰਹੀਆਂ, ਜਿਸ ਗੱਲ ਨੂੰ ਲੈ ਕੇ ਸੇਠ ਗੋਯੰਦਕਾ ਬੇਹੱਦ ਦੁਖੀ ਹੋਏ। ਇਸ ਤੋਂ ਬਾਅਦ ਉਨ੍ਹਾਂ ਅਸ਼ੁੱਧੀ ਰਹਿਤ ਗੀਤਾ ਤਿਆਰ ਕਰਵਾਉਣ ਲਈ ਆਪਣੀ ਪ੍ਰੈੱਸ ਲਗਾਉਣ ਦਾ ਫ਼ੈਸਲਾ ਕੀਤਾ।
10 ਰੁਪਏ ਦੇ ਕਿਰਾਏ ਵਾਲੇ ਮਕਾਨ ਨਾਲ ਹੋਈ ਸ਼ੁਰੂਆਤ
ਜਾਣਕਾਰੀ ਅਨੁਸਾਰ ਸੇਠ ਗੋਯੰਦਕਾ ਦੀਆਂ ਹਦਾਇਤਾਂ ’ਤੇ ਘਣਸ਼ਿਆਮ ਦਾਸ ਜਾਲਾਨ ਤੇ ਹਨੂਮਾਨ ਪ੍ਰਸਾਦ ਪੋਦਾਰ ਨੇ 23 ਅਪ੍ਰੈਲ 1923 ਨੂੰ ਗੋਰਖਪੁਰ ਦੇ ਹਿੰਦੀ ਬਾਜ਼ਾਰ ਵਿਚ ਇਕ ਕਿਰਾਏ ਦਾ ਮਕਾਨ ਲਿਆ। ਇਸ ਮਕਾਨ ਵਿਚ ਪ੍ਰੈੱਸ ਦੀ ਸਥਾਪਨਾ ਕੀਤੀ ਗਈ। 10 ਰੁਪਏ ਦੇ ਕਿਰਾਏ ਵਾਲੇ ਇਸ ਮਕਾਨ ਵਿਚ ਬਣਾਈ ਗਈ ਪ੍ਰੈੱਸ ਦਾ ਨਾਂ ਰੱਖਿਆ ਗਿਆ ਗੀਤਾ ਪ੍ਰੈਸ। ਇਸ ਤੋਂ ਬਾਅਦ ਲਗਭਗ 5 ਮਹੀਨਿਆਂ ਬਾਅਦ ਇਕ ਹੈਂਡਪ੍ਰੈੱਸ ਪ੍ਰਿੰਟਿੰਗ ਮਸ਼ੀਨ ਖਰੀਦੀ ਗਈ, ਜਿਸ ਦੀ ਉਸ ਸਮੇਂ ਕੀਮਤ ਲਗਭਗ 600 ਰੁਪਏ ਸੀ। ਕੰਮ ਵਧਦਾ ਗਿਆ ਤਾਂ ਕਿਰਾਏ ਦਾ ਮਕਾਨ ਛੋਟਾ ਪੈਣ ਲੱਗਾ। ਇਸ ਤੋਂ ਬਾਅਦ 12 ਜੁਲਾਈ 1926 ਨੂੰ ਸ਼ੇਸ਼ਪੁਰ ਵਿਚ ਇਕ ਜਗ੍ਹਾ ਖਰੀਦੀ ਗਈ, ਜਿੱਥੇ ਗੀਤਾ ਪ੍ਰੈੱਸ ਦਾ ਵਿਸਤਾਰ ਕੀਤਾ ਗਿਆ। ਇਸ ਦੀ ਕੀਮਤ ਉਸ ਸਮੇਂ ਲਗਭਗ 10,000 ਰੁਪਏ ਸੀ। ਇਹ ਜਗ੍ਹਾ ਮੌਜੂਦਾ ਗੀਤਾ ਪ੍ਰੈੱਸ ਦਾ ਹੀ ਇਕ ਹਿੱਸਾ ਸੀ ਪਰ ਹੌਲੀ-ਹੌਲੀ ਜ਼ਰੂਰਤ ਅਨੁਸਾਰ ਆਸ-ਪਾਸ ਦੀ ਜਗ੍ਹਾ ਖਰੀਦੀ ਜਾਂਦੀ ਰਹੀ।
ਭਗਵਦ ਗੀਤਾ ਤੋਂ ਲੈ ਕੇ ਉਪਨਿਸ਼ਦ, ਪੁਰਾਣ ਅਤੇ ਬਹੁਤ ਕੁਝ
ਜਾਣਕਾਰੀ ਅਨੁਸਾਰ ਗੀਤਾ ਪ੍ਰੈੱਸ ਦਾ ਸਭ ਤੋਂ ਵੱਡਾ ਯੋਗਦਾਨ ਇਹ ਹੈ ਕਿ ਇਸ ਨੇ ਲੋਕਾਂ ਤਕ ਹਿੰਦੂ ਧਾਰਮਿਕ ਗ੍ਰੰਥ ਘੱਟ ਕੀਮਤ ’ਤੇ ਪਹੁੰਚਾਏ। ਗੀਤਾ ਪ੍ਰੈੱਸ ਨੇ ਭਗਵਦ ਗੀਤਾ, ਤੁਲਸੀਦਾਸ ਦੀਆਂ ਰਚਨਾਵਾਂ, ਉਪਨਿਸ਼ਦਾਂ ਅਤੇ ਪੁਰਾਣਾਂ ਦੀਆਂ ਕਰੋਡ਼ਾਂ ਕਾਪੀਆਂ ਵੇਚੀਆਂ। ਲਗਭਗ 100 ਸਾਲ ਦੇ ਇਸ ਸਫਰ ਵਿਚ ਹੁਣ ਤਕ 42 ਕਰੋਡ਼ ਪੁਸਤਕਾਂ ਛਾਪੀਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿਚ ਭਗਵਦ ਗੀਤਾ ਦੀਆਂ 18 ਕਰੋਡ਼ ਦੀਆਂ ਕਾਪੀਆਂ ਵੀ ਸ਼ਾਮਲ ਹਨ। ਇਸ ਪ੍ਰੈੱਸ ਤੋਂ ਰੋਜ਼ਾਨਾ 70 ਹਜ਼ਾਰ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।
ਹਾਈਟੈੱਕ ਮਸ਼ੀਨਾਂ ਨਾਲ 16 ਭਾਸ਼ਾਵਾਂ ਵਿਚ ਹੁੰਦਾ ਹੈ ਪ੍ਰਕਾਸ਼ਨ
ਗੀਤਾ ਪ੍ਰੈੱਸ ਹੁਣ ਤਕ ਦਾ ਹਿੰਦੂ ਧਾਰਮਿਕ ਸਾਹਿਤ ਦਾ ਸਭ ਤੋਂ ਵੱਡਾ ਪ੍ਰਕਾਸ਼ਕ ਹੈ, ਜੋ 1923 ਤੋਂ ਸਮੇਂ-ਸਮੇਂ ’ਤੇ ਅਪਡੇਟ ਹੁੰਦਾ ਰਿਹਾ ਹੈ। ਪ੍ਰੈੱਸ ਵਿਚ ਜਰਮਨ ਤੇ ਜਾਪਾਨੀ ਹਾਈਟੈੱਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇੱਥੇ ਹਿੰਦੀ ਤੇ ਸੰਸਕ੍ਰਿਤ ਤੋਂ ਇਲਾਵਾ 14 ਹੋਰ ਭਾਸ਼ਾਵਾਂ ਵਿਚ ਪੁਸਤਕਾਂ ਪ੍ਰਕਾਸ਼ਿਤ ਹੁੰਦੀਆਂ ਹਨ।
ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਗੀਤਾ ਪ੍ਰੈੱਸ ਇਕ ਟਰੱਸਟ ਦੇ ਤੌਰ ’ਤੇ ਕੰਮ ਕਰਦੀ ਹੈ, ਜਿਸ ਦਾ ਟੀਚਾ ਮੁਨਾਫਾ ਕਮਾਉਣਾ ਨਹੀਂ ਹੈ। ਗੀਤਾ ਪ੍ਰੈੱਸ ਵਿਚ ਹੁਣ ਵੀ ਹਨੂਮਾਨ ਚਾਲੀਸਾ ਦੀ ਕੀਮਤ 2 ਰੁਪਏ ਦੇ ਲਗਭਗ ਹੈ ਅਤੇ ਜਦੋਂਕਿ ਇੱਥੇ ਪ੍ਰਕਾਸ਼ਿਤ ਹੋਈ ਪਹਿਲੀ ਪੁਸਤਕ ਦੀ ਕੀਮਤ 1 ਰੁਪਿਆ ਸੀ। ਗੀਤਾ ਪ੍ਰੈੱਸ ਵੱਲੋਂ ‘ਕਲਿਆਣ’ ਨਾਂ ਨਾਲ ਇਕ ਮਾਸਿਕ ਮੈਗਜ਼ੀਨ ਵੀ ਕੱਢੀ ਜਾਂਦੀ ਹੈ। ਕਈ ਵਾਰ ਗੀਤਾ ਪ੍ਰੈੱਸ ਦੇ ਬੰਦ ਹੋਣ ਦੀ ਨੌਬਤ ਤਕ ਆਈ ਪਰ ਇਕ ਟਰੱਸਟ ਦੇ ਤੌਰ ’ਤੇ ਇਹ ਫਿਰ ਚੱਲ ਨਿਕਲੀ।