ਭਾਜਪਾ ਉਮੀਦਵਾਰ ਗੌਤਮ ਗੰਭੀਰ ਵਿਰੁੱਧ FIR ਦਰਜ

Saturday, Apr 27, 2019 - 03:36 PM (IST)

ਭਾਜਪਾ ਉਮੀਦਵਾਰ ਗੌਤਮ ਗੰਭੀਰ ਵਿਰੁੱਧ FIR ਦਰਜ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਉਮੀਦਵਾਰ ਗੌਤਮ ਗੰਭੀਰ ਇਕ ਨਵੀਂ ਮੁਸੀਬਤ 'ਚ ਫਸ ਗਏ ਹਨ। ਦਿੱਲੀ 'ਚ ਬਿਨਾਂ ਮਨਜ਼ੂਰੀ ਰੈਲੀ ਕਰਨ ਦੇ ਮਾਮਲੇ 'ਚ ਚੋਣ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਭਾਜਪਾ ਨੇਤਾ ਗੌਤਮ ਵਿਰੁੱਧ ਐੱਫ.ਆਈ.ਆਰ. ਦਰਜ ਹੋ ਗਈ ਹੈ। ਚੋਣ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਦਿੱਲੀ ਪੁਲਸ ਨੇ ਇਹ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਦਿੱਲੀ ਪੁਲਸ ਨੂੰ ਕਿਹਾ ਸੀ ਕਿ ਉਹ ਬਿਨਾਂ ਮਨਜ਼ੂਰੀ ਰੈਲੀ ਕਰਨ ਦੇ ਮਾਮਲੇ 'ਚ ਗੌਤਮ 'ਤੇ ਐੱਫ.ਆਈ.ਆਰ. ਦਰਜ ਕਰੇ। ਦਰਅਸਲ 25 ਅਪ੍ਰੈਲ ਨੂੰ ਦਿੱਲੀ ਦੇ ਜੰਗਪੁਰਾ 'ਚ ਗੌਤਮ ਨੇ ਇਕ ਰੈਲੀ ਕੀਤੀ ਸੀ, ਜਿਸ ਦੀ ਮਨਜ਼ੂਰੀ ਪ੍ਰਸ਼ਾਸਨ ਨੇ ਦਿੱਤੀ ਸੀ।

ਕ੍ਰਿਕੇਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ 'ਤੇ ਕਾਰਵਾਈ ਕਰਦੇ ਹੋਏ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਗੌਤਮ ਨੂੰ ਬਿਨਾਂ ਮਨਜ਼ੂਰੀ ਰੈਲੀ ਆਯੋਜਿਤ ਕਰਨ ਲਈ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਚੋਣ ਕਮਿਸ਼ਨ ਨੇ ਕਿਹਾ ਕਿ 25 ਅਪ੍ਰੈਲ ਨੂੰ ਰੈਲੀ ਦੀ ਮਨਜ਼ੂਰੀ ਨਾ ਲੈ ਕੇ ਗੌਤਮ ਨੇ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਹੈ। ਇਹੀ ਕਾਰਨ ਹੈ ਕਿ ਚੋਣ ਕਮਿਸ਼ਨ ਦੇ ਆਦੇਸ਼ 'ਤੇ ਦਿੱਲੀ ਪੁਲਸ ਨੇ ਕਾਰਵਾਈ ਕੀਤੀ ਹੈ।

ਜ਼ਿਕਰਯੋਗ ਹੈ ਕਿ ਗੌਤਮ ਕਾਫੀ ਸਮੇਂ ਤੋਂ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਸਮਰਥਕ ਰਹੇ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਕੇਂਦਰੀ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ 'ਚ ਭਾਜਪਾ ਦਾ ਦਾਮਨ ਫੜਿਆ ਸੀ। ਦੱਸਣਯੋਗ ਹੈ ਕਿ ਦਿੱਲੀ 'ਚ ਭਾਜਪਾ ਦੇ ਟਿਕਟ 'ਤੇ ਲੋਕ ਸਭਾ ਚੋਣਾਂ ਲੜ ਰਹੇ ਸਾਬਕਾ ਕ੍ਰਿਕੇਟਰ ਗੌਤਮ ਗੰਭੀਰ ਸਲਾਨਾ ਕਮਾਈ ਦੇ ਮਾਮਲੇ 'ਚ ਸਭ ਤੋਂ ਅਮੀਰ ਉਮੀਦਵਾਰ ਹਨ। ਨਾਮਜ਼ਦਗੀ ਦੌਰਾਨ ਲਗਾਏ ਗਏ ਹਲਫਨਾਮੇ ਤੋਂ ਇਸ ਦਾ ਪਤਾ ਲੱਗਦਾ ਹੈ। ਕ੍ਰਿਕੇਟ ਦੇ ਗਰਾਊਂਡ ਤੋਂ ਪਹਿਲੀ ਵਾਰ ਰਾਜਨੀਤੀ ਦੇ ਮੈਦਾਨ 'ਚ ਉਤਰੇ ਗੌਤਮ ਦੀ ਸਲਾਨਾ ਕਮਾਈ 12 ਕਰੋੜ ਰੁਪਏ ਤੋਂ ਵਧ ਹੈ। ਪੂਰਬੀ ਦਿੱਲੀ ਤੋਂ ਭਾਜਪਾ ਉਮੀਦਵਾਰ ਗੌਤਮ ਵਿਰੁੱਧ ਆਮ ਆਦਮੀ ਪਾਰਟੀ ਨੇ ਆਤਿਸ਼ੀ ਮਾਰਲੇਨਾ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ।


author

DIsha

Content Editor

Related News