ਤਬਾਹੀ ਦੇ ਕੰਢੇ ''ਤੇ ਹੈ ''ਬਦਰੀਨਾਥ ਦਾ ਦੁਆਰ'' ਜੋਸ਼ੀਮਠ, ਘਰਾਂ ਅਤੇ ਸੜਕਾਂ ''ਤੇ ਆਈਆਂ ਤਰੇੜਾਂ (ਤਸਵੀਰਾਂ)
Saturday, Jan 07, 2023 - 12:19 PM (IST)
ਜੋਸ਼ੀਮਠ (ਭਾਸ਼ਾ)- ਬਦਰੀਨਾਥ, ਹੇਮਕੁੰਟ ਸਾਹਿਬ ਅਤੇ ਅੰਤਰਰਾਸ਼ਟਰੀ ਸਕੀਇੰਗ ਰਿਜ਼ੋਰਟ ਔਲੀ ਵਰਗੇ ਮਸ਼ਹੂਰ ਸਥਾਨਾਂ ਦਾ ਪ੍ਰਵੇਸ਼ ਦੁਆਰ ਜੋਸ਼ੀਮਠ ਤਬਾਹੀ ਦੇ ਕੰਢੇ 'ਤੇ ਹੈ। ਆਦਿ ਗੁਰੂ ਸ਼ੰਕਰਾਚਾਰੀਆ ਦੀ ਤਪੋਭੂਮੀ ਵਜੋਂ ਜਾਣੇ ਜਾਂਦੇ ਜੋਸ਼ੀਮਠ ਵਿਚ ਹੌਲੀ-ਹੌਲੀ ਤਰੇੜਾਂ ਆ ਰਹੀਆਂ ਹਨ ਅਤੇ ਇਸ ਦੇ ਘਰਾਂ, ਸੜਕਾਂ ਅਤੇ ਖੇਤਾਂ ਵਿਚ ਵੱਡੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਘਰ ਧਸ ਗਏ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਖ਼ਤਰੇ ਵਾਲੇ ਘਰਾਂ 'ਚ ਰਹਿ ਰਹੇ 600 ਪਰਿਵਾਰਾਂ ਨੂੰ ਤੁਰੰਤ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਜੋਸ਼ੀਮਠ 'ਚ ਸ਼ੁੱਕਰਵਾਰ ਸ਼ਾਮ ਨੂੰ ਇਕ ਮੰਦਰ ਦੇ ਢਹਿਣ ਨੇ ਜੋਸ਼ੀਮਠ ਦੇ ਵਸਨੀਕਾਂ ਨੂੰ ਚਿੰਤਤ ਕਰ ਦਿੱਤਾ ਹੈ, ਜੋ ਆਪਣੇ ਘਰਾਂ ਦੀਆਂ ਕੰਧਾਂ 'ਚ ਵੱਡੀਆਂ ਤਰੇੜਾਂ ਦੇ ਵਿਚਕਾਰ ਇਕ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਡਰ 'ਚ ਰਹਿ ਰਹੇ ਹਨ। ਜੋਸ਼ੀਮਠ ਨਗਰ ਨਿਗਮ ਦੇ ਸਾਬਕਾ ਚੇਅਰਮੈਨ ਰਿਸ਼ੀ ਪ੍ਰਸਾਦ ਸਤੀ ਨੇ ਕਿਹਾ,"ਇਹ ਸਮੱਸਿਆ 14-15 ਮਹੀਨੇ ਪਹਿਲਾਂ ਗਾਂਧੀਨਗਰ ਖੇਤਰ 'ਚ ਸ਼ੁਰੂ ਹੋਈ ਸੀ ਅਤੇ ਫਿਰ ਸੁਨੀਲ, ਮਨੋਹਰ ਬਾਗ, ਸਿੰਘਧਰ ਅਤੇ ਮਾਰਵਾੜੀ ਵਰਗੇ ਹੋਰ ਖੇਤਰਾਂ 'ਚ ਫੈਲ ਗਈ।" ਉਨ੍ਹਾਂ ਕਿਹਾ,''ਸੁਨੀਲ 'ਚ ਸਕਲਾਨੀ ਪਰਿਵਾਰ ਦਾ ਘਰ ਢਹਿ ਗਿਆ ਪਰ ਇਕ ਪੰਦਰਵਾੜਾ ਪਹਿਲਾਂ ਜਦੋਂ ਹੋਟਲ ਮਾਊਂਟੇਨ ਵਿਊ ਅਤੇ ਮਲਾਰੀ ਇਨ੍ਹਾਂ ਦੀਆਂ ਕੰਧਾਂ 'ਚ ਵੱਡੀਆਂ ਤਰੇੜਾਂ ਦਿਖਾਈ ਦਿੱਤੀਆਂ ਤਾਂ ਖ਼ਤਰੇ ਦੀ ਘੰਟੀ ਵੱਜੀ, ਜਿਸ ਕਾਰਨ ਉਨ੍ਹਾਂ ਹੋਟਲਾਂ ਨੂੰ ਬੰਦ ਕਰਨਾ ਪਿਆ।''
ਨਗਰ ਨਿਗਮ ਦੇ ਸਾਬਕਾ ਚੇਅਰਮੈਨ ਨੇ ਦੱਸਿਆ ਕਿ ਇਸ ਤੋਂ ਬਾਅਦ ਹੋਟਲ ਦੇ ਹੇਠਾਂ ਮਕਾਨਾਂ 'ਚ ਰਹਿਣ ਵਾਲੇ 5 ਪਰਿਵਾਰਾਂ ਨੂੰ ਆਪਣੇ ਘਰ ਗੁਆਉਣੇ ਪਏ। ਸਤੀ ਨੇ ਕਿਹਾ,“ਭਗਵਤੀ ਪ੍ਰਸਾਦ ਕਪਰਵਾਨ, ਦੁਰਗਾ ਪ੍ਰਸਾਦ ਕਪਰਵਾਨ, ਮਦਨ ਪ੍ਰਸਾਦ ਕਪਰਵਾਨ ਅਤੇ ਮਾਧਵੀ ਸਤੀ ਦੇ ਘਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।” ਕੰਧਾਂ ਅਤੇ ਛੱਤ 'ਚ ਤਰੇੜਾਂ ਵਾਲੇ ਕਮਰੇ 'ਚ ਖੜ੍ਹੀ ਇਕ ਲੜਕੀ ਸੰਜਨਾ ਨੇ ਕਿਹਾ,“ਇਹ ਤਰੇੜਾਂ ਹਨ। ਡੇਢ ਸਾਲ ਤੋਂ ਦਿਖਾਈ ਦੇ ਰਹੇ ਹਨ।” ਜੇਪੀ ਵੈਂਚਰਸ ਦੇ ਅਧਿਕਾਰੀ ਕਰਨਲ ਟੀਐਨ ਥਾਪਾ ਨੇ ਕਿਹਾ ਕਿ ਕੰਪਨੀ ਦੀ 420 ਮੈਗਾਵਾਟ ਦੇ ਵਿਸ਼ਨੂੰਪ੍ਰਯਾਗ ਹਾਈਡ੍ਰੋਇਲੈਕਟ੍ਰਿਕ ਪ੍ਰਾਜੈਕਟ ਦੇ ਕਰਮਚਾਰੀਆਂ ਦੀ ਪੌਸ਼ ਕਲੋਨੀ ਵਿਸ਼ਨੂੰਪੁਰਮ ਨੂੰ ਉਦੋਂ ਪੂਰੀ ਤਰ੍ਹਾਂ ਖ਼ਾਲੀ ਕਰਨਾ ਪਿਆ, ਜਦੋਂ 3 ਜਨਵਰੀ ਨੂੰ ਇਸ ਦੇ ਠੀਕ ਵਿਚਕਾਰ ਵੱਡੀਆਂ ਤਰੇੜਾਂ ਦਿਖਾਈਆਂ ਦਿੱਤੀਆਂ ਅਤੇ ਕਈ ਘਰ ਡਿੱਗ ਗਏ। ਉਨ੍ਹਾਂ ਕਿਹਾ ਕਿ ਕਾਲੋਨੀ 'ਚ ਰਹਿਣ ਵਾਲੇ ਲਗਭਗ 150 ਕਰਮਚਾਰੀਆਂ 'ਚੋਂ ਕਿਸੇ ਨੂੰ ਸੱਟ ਨਹੀਂ ਲੱਗੀ ਪਰ ਕੰਪਨੀ ਦਾ ਗੈਸਟ ਹਾਊਸ ਅਤੇ ਕੰਟੀਨ ਬੁਰੀ ਤਰ੍ਹਾਂ ਨੁਕਸਾਨੇ ਗਏ।