ਦਿੱਲੀ ''ਚ ਕਦੋਂ ਖ਼ਤਮ ਹੋਣਗੇ ਕੂੜੇ ਦੇ ਢੇਰ? ਮਨਜਿੰਦਰ ਸਿਰਸਾ ਨੇ ਦੱਸੀ ਡੈਡਲਾਈਨ

Tuesday, Mar 04, 2025 - 05:53 PM (IST)

ਦਿੱਲੀ ''ਚ ਕਦੋਂ ਖ਼ਤਮ ਹੋਣਗੇ ਕੂੜੇ ਦੇ ਢੇਰ? ਮਨਜਿੰਦਰ ਸਿਰਸਾ ਨੇ ਦੱਸੀ ਡੈਡਲਾਈਨ

ਨਵੀਂ ਦਿੱਲੀ- ਸਰਕਾਰ ਬਣਨ ਨਾਲ ਹੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਨ੍ਹਾਂ ਦੇ ਮੰਤਰੀ ਮਿਸ਼ਨ ਮੋਡ 'ਤੇ ਕੰਮ ਕਰ ਰਹੇ ਹਨ। ਪ੍ਰਦੂਸ਼ਣ ਨੂੰ ਹਰਾਉਣਾ ਅਤੇ ਯਮੁਨਾ ਨਦੀ ਦੀ ਸਫਾਈ ਸਰਕਾਰ ਦੀਆਂ ਮੁੱਖ ਤਰਜੀਹਾਂ ਵਿਚੋਂ ਇਕ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਮੰਗਲਵਾਰ ਨੂੰ ਭਲਸਵਾ ਲੈਂਡਫਿਲ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਸਿਰਸਾ ਨੇ ਦਿੱਲੀ ਵਾਸੀਆਂ ਨਾਲ ਵਾਅਦਾ ਕੀਤਾ ਕਿ ਮਾਰਚ 2026 ਤੱਕ ਇਸ ਨੂੰ ਸਾਫ਼ ਕਰ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਭਾਜਪਾ ਨੇਤਾ ਸਿਰਸਾ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਵਿੱਖ ਵਿਚ ਦਿੱਲੀ ਵਿਚ ਕੋਈ ਨਵਾਂ ਕੂੜੇ ਦਾ ਢੇਰ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਲੈਂਡਫਿਲ ਤੋਂ 35 ਫ਼ੀਸਦੀ ਕੂੜਾ ਪਹਿਲਾਂ ਹੀ ਸਾਫ਼ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਉੱਪ ਰਾਜਪਾਲ ਵੀ. ਕੇ. ਸਕਸੈਨਾ ਨੂੰ ਦਿੱਲੀ ਦੇ ਤਿੰਨ ਕੂੜੇ ਦੇ ਢੇਰ- ਭਲਸਵਾ, ਓਖਲਾ ਅਤੇ ਗਾਜ਼ੀਪੁਰ ਨੂੰ ਸਾਫ਼ ਕਰਨ ਲਈ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ। ਭਲਸਵਾ ਲੈਂਡਫਿਲ ਕਦੇ 70 ਏਕੜ ਵਿਚ ਫੈਲਿਆ ਕੂੜੇ ਦਾ ਢੇਰ ਸੀ। ਜਦੋਂ ਤੋਂ ਲੈਫਟੀਨੈਂਟ ਗਵਰਨਰ ਨੇ ਇਸ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਹੈ, ਲਗਭਗ 35 ਫ਼ੀਸਦੀ ਕੂੜਾ ਹਟਾ ਦਿੱਤਾ ਗਿਆ ਹੈ।

ਸਿਰਸਾ ਨੇ ਇੱਥੇ ਬਾਂਸ ਲਾਉਣ ਦੀ ਮੁਹਿੰਮ ਬਾਰੇ ਦੱਸਿਆ ਕਿ 70 ਏਕੜ ਵਿਚੋਂ 25 ਏਕੜ ਜ਼ਮੀਨ ਨੂੰ ਮੁੜ ਵਰਤੋਂ ਲਈ ਯੋਗ ਬਣਾਇਆ ਗਿਆ ਹੈ। ਇਸ ਮੁੜ ਪ੍ਰਾਪਤ ਕੀਤੀ ਜ਼ਮੀਨ ਦੇ ਪੰਜ ਏਕੜ ਵਿਚ 2000 ਬਾਂਸ ਦੇ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦਸੰਬਰ 2025 ਤੱਕ ਕੂੜਾ ਇੰਨਾ ਘੱਟ ਜਾਵੇਗਾ ਕਿ ਇਹ ਦੂਰੋਂ ਨਜ਼ਰ ਨਹੀਂ ਆਵੇਗਾ। ਮਾਰਚ 2026 ਤੱਕ ਭਲਸਵਾ ਲੈਂਡਫਿਲ ਨੂੰ ਪੂਰੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇਗਾ। ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਤਿੰਨੋਂ ਲੈਂਡਫਿਲ ਖੇਤਰਾਂ ਵਿਚ ਕੰਮ ਜਾਰੀ ਰਹੇ, ਤਾਂ ਜੋ ਕੂੜੇ ਦੇ ਨਵੇਂ ਢੇਰ ਨਾ ਬਣਨ।


author

Tanu

Content Editor

Related News