ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਚੀਨ ਤੋਂ ਲਿਆਂਦਾ ਗਿਆ ਭਾਰਤ, 20 ਸਾਲਾਂ ਤੋਂ ਸੀ ਭਗੌੜਾ
Saturday, Mar 23, 2024 - 06:48 PM (IST)
ਮੁੰਬਈ (ਭਾਸ਼ਾ)- ਕਤਲ, ਜ਼ਬਰਨ ਵਸੂਲੀ ਅਤੇ ਅਗਵਾ ਸਮੇਤ ਕਈ ਗੰਭੀਰ ਮਾਮਲਿਆਂ 'ਚ ਲੋੜੀਂਦੇ ਗੈਂਗਸਟਰ ਪ੍ਰਸਾਦ ਪੁਜਾਰੀ ਨੂੰ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਚੀਨ ਤੋਂ ਭਾਰਤ ਵਾਪਸ ਲਿਆਂਦਾ ਗਿਆ। ਭਾਰਤ ਲਿਆਏ ਜਾਣ 'ਤੇ ਮੁੰਬਈ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਹ 20 ਸਾਲਾਂ ਤੋਂ ਭਗੌੜਾ ਸੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਗੈਂਗਸਟਰ ਪੁਜਾਰੀ ਚੀਨ 'ਚ ਰਹਿ ਰਿਹਾ ਸੀ ਅਤੇ ਪਿਛਲੇ ਸਾਲ ਉਸ ਨੂੰ ਉੱਥੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਲਗਾਤਾਰ ਉਸ ਨੂੰ ਦੇਸ਼ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਅਪਰਾਧ ਸ਼ਾਖਾ ਦੇ ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਮੁੰਬਈ 'ਚ ਗੋਲੀਬਾਰੀ, ਜ਼ਬਰਨ ਵਸੂਲੀ ਅਤੇ ਕਤਲ ਸਮੇਤ 8 ਗੰਭੀਰ ਮਾਮਲਿਆਂ 'ਚ ਲੋੜੀਂਦਾ ਹੈ। ਉਹ ਵਿਕ੍ਰੋਲੀ ਦੇ ਟੈਗੋਰ ਨਗਰ ਦਾ ਵਾਸੀ ਹੈ ਅਤੇ ਸਾਲਾਂ ਪਹਿਲੇ ਵਿਦੇਸ਼ ਦੌੜ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਪੂਰਬੀ ਮੁੰਬਈ 'ਚ ਬਿਲਡਰ ਅਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਅਧਿਕਾਰੀ ਨੇ ਦੱਸਿਆ ਕਿ ਪੁਜਾਰੀ ਦਾ ਨਾਂ ਦਸੰਬਰ 2019 'ਚ ਵਿਕ੍ਰੋਲੀ ਇਲਾਕੇ 'ਚ ਰਹਿਣ ਵਾਲੇ ਸ਼ਿਵ ਸੈਨਾ ਵਰਕਰ ਚੰਦਰਕਾਂਤ ਜਾਧਵ 'ਤੇ ਗੋਲੀਬਾਰੀ ਦੇ ਮਾਮਲੇ 'ਚ ਵੀ ਆਇਆ ਸੀ। ਉਸ ਨੂੰ ਫਰਵਰੀ 2023 'ਚ ਹਾਂਗਕਾਂਗ 'ਚ ਅਧਿਕਾਰੀਆਂ ਨੇ ਫੜਿਆ ਸੀ।
ਅਧਿਕਾਰੀ ਨੇ ਦੱਸਿਆ,''ਇੰਟਰਪੋਲ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਪੁਜਾਰੀ ਨੂੰ ਫਰਜ਼ੀ ਪਾਸਪੋਰਟ ਦੇ ਦੋਸ਼ 'ਚ ਪਿਛਲੇ ਸਾਲ ਮਾਰਚ 'ਚ ਹਾਂਗਕਾਂਗ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਉਦੋਂ ਫੜਿਆ ਗਿਆ, ਜਦੋਂ ਉਹ ਹਾਂਗਕਾਂਗ ਤੋਂ ਸ਼ੇਨਝੇਨ (ਚੀਨ ਦਾ ਸ਼ਹਿਰ) ਦੇ ਜਹਾਜ਼ 'ਚ ਸਵਾਰ ਹੋਣ ਦੀ ਤਿਆਰੀ ਕਰ ਰਿਹਾ ਸੀ। ਪੁਜਾਰੀ ਨੇ ਇਕ ਚੀਨੀ ਨਾਗਰਿਕ ਨਾਲ ਵਿਆਹ ਕੀਤਾ ਹੈ, ਗ੍ਰਿਫ਼ਤਾਰੀ ਦੇ ਸਮੇਂ ਆਪਣੀ ਪਤਨੀ ਅਤੇ ਬੱਚੇ ਨਾਲ ਸ਼ੇਨਝੇਨ 'ਚ ਰਹਿ ਰਿਹਾ ਸੀ।'' ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਨੇ 2020 'ਚ ਪੁਜਾਰੀ ਦੀ ਮਾਂ ਇੰਦਰਾ ਵਿਠੱਲ ਪੁਜਾਰੀ ਨੂੰ ਵਿਕ੍ਰੋਲੀ ਦੇ ਇਕ ਬਿਲਡਰ ਤੋਂ ਜ਼ਬਰਨ ਵਸੂਲੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਇਕ ਡੈਵਲਪਰ ਤੋਂ 10 ਲੱਖ ਰੁਪਏ ਦੀ ਉਗਾਹੀ ਕਰਨ ਦੇ ਦੋਸ਼ 'ਚ ਇੰਦਰਾ ਖ਼ਿਲਾਫ਼ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦੇ ਅਧੀਨ ਇਹ ਕਾਰਵਾਈ ਕੀਤੀ ਗਈ ਸੀ। ਉਹ ਅੰਤਰਰਾਸ਼ਟਰੀ ਫੋਨ ਨੰਬਰਾਂ ਤੋਂ ਕਾਰੋਬਾਰੀਆਂ ਤੇ ਪ੍ਰਮੁੱਖ ਲੋਕਾਂ ਨੂੰ ਕਾਲਾਂ ਕਰਦਾ ਸੀ । ਕੁਝ ਪ੍ਰਮੁੱਖ ਫਿਲਮ ਨਿਰਦੇਸ਼ਕਾਂ, ਨਿਰਮਾਤਾਵਾਂ ਤੇ ਬਾਲੀਵੁੱਡ ਅਦਾਕਾਰਾਂ ਨੂੰ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8