ਗੈਂਗਰੇਪ ਮਗਰੋਂ ਕਤਲ ਕਰ ਨਾਬਾਲਗ ਕੁੜੀ ਨੂੰ ਭੱਠੀ ’ਚ ਸਾੜਿਆ ! ਰਾਜਸਥਾਨ ’ਚ ਵਾਪਰੀ ਰੂਹ ਕੰਬਾਊ ਘਟਨਾ
Friday, Aug 04, 2023 - 03:56 AM (IST)
ਨੈਸ਼ਨਲ ਡੈਸਕ : ਰਾਜਸਥਾਨ ਦੇ ਭੀਲਵਾੜਾ ਜ਼ਿਲ੍ਹੇ ’ਚ ਕਥਿਤ ਤੌਰ ’ਤੇ 14 ਸਾਲਾ ਕੁੜੀ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕੋਲੇ ਦੀ ਭੱਠੀ ’ਚ ਸਾੜਨ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਗਿਆ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਟਿਕਾਣੇ ਲਾਉਣ ਲਈ ਭੱਠੀ ’ਚ ਸੁੱਟ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਸ ਨੇ ਭੱਠੀਆਂ ਵਿਚ ਕੋਲਾ ਬਣਾਉਣ ਵਾਲੇ ਕਾਲਬੇਲੀਆ ਜਨਜਾਤੀ ਦੇ 5 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਰਾਜਸਥਾਨ ਸਟੇਟ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਦੀ ਚੇਅਰਪਰਸਨ ਸੰਗੀਤਾ ਬੈਨੀਵਾਲ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜੋ ਤੱਥ ਇਕੱਠੇ ਕਰਕੇ ਚੇਅਰਮੈਨ ਨੂੰ ਰਿਪੋਰਟ ਸੌਂਪੇਗੀ।
ਇਹ ਖ਼ਬਰ ਵੀ ਪੜ੍ਹੋ : ਮਿੱਠੂ ਲਾਪਤਾ...ਪਤਾ ਦੱਸਣ ਵਾਲੇ ਨੂੰ 10000 ਰੁਪਏ ਇਨਾਮ, ਪੋਸਟਰ ਚਿਪਕਾਏ ਤੇ ਕਰਵਾਈ ਅਨਾਊਂਸਮੈਂਟ
ਇਹ ਖ਼ਬਰ ਵੀ ਪੜ੍ਹੋ : ਲੋਕ ਸਭਾ ’ਚ ਬਿੱਲ ਪਾਸ ਹੋਣ ਮਗਰੋਂ ਬੋਲੇ ਕੇਜਰੀਵਾਲ, PM ਮੋਦੀ ਨੂੰ ਲੈ ਕੇ ਕਹੀਆਂ ਇਹ ਗੱਲਾਂ
ਬੁੱਧਵਾਰ ਨੂੰ ਲਾਪਤਾ ਹੋਈ ਸੀ ਕੁੜੀ
ਬੈਨੀਵਾਲ ਨੇ ਵਧੀਕ ਡਾਇਰੈਕਟਰ ਜਨਰਲ (ਏ. ਡੀ. ਜੀ.-ਸਿਵਲ ਰਾਈਟਸ) ਅਤੇ ਭੀਲਵਾੜਾ ਦੇ ਪੁਲਸ ਸੁਪਰਡੈਂਟ ਨੂੰ ਮਾਮਲੇ ਦੀ ਅਸਲ ਰਿਪੋਰਟ ਭੇਜਣ ਲਈ ਪੱਤਰ ਲਿਖਿਆ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਭਾਜਪਾ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ’ਤੇ ਹਮਲਾ ਬੋਲਿਆ ਅਤੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ ਕੀਤੀ। ਭਾਜਪਾ ਨੇ ਇਸ ਘਟਨਾ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਹੈ। ਪੁਲਸ ਨੇ ਦੱਸਿਆ ਕਿ ਬੱਚੀ ਬੁੱਧਵਾਰ ਦੇਰ ਰਾਤ ਘਰੋਂ ਲਾਪਤਾ ਹੋ ਗਈ ਸੀ। ਉਸ ਨੇ ਦੱਸਿਆ ਕਿ ਨੇੜੇ ਹੀ ਸਥਿਤ ਕੋਲਾ ਬਣਾਉਣ ਵਾਲੀਆਂ ਭੱਠੀਆਂ ’ਚੋਂ ਇਕ ਦੇ ਕੋਲ ਉਸ ਦੀਆਂ ਜੁੱਤੀਆਂ ਪਈਆਂ ਮਿਲੀਆਂ ਹਨ ਅਤੇ ਅੰਦਰ ਜਾ ਕੇ ਦੇਖਿਆ ਤਾਂ ਉਸ ਦੀਆਂ ਚੂੜੀਆਂ ਅਤੇ ਕੁਝ ਹੱਡੀਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਕਾਲਬੇਲੀਆ ਖਾਨਾਬਦੋਸ਼ ਜਨਜਾਤੀ ਦੇ ਕੁਝ ਵਿਅਕਤੀਆਂ ਨੂੰ ਅਪਰਾਧ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਫੜ ਕੇ ਪੁਲਸ ਨੂੰ ਸੌਂਪਿਆ ਗਿਆ ਹੈ।
ਭੱਠੀ ’ਚੋਂ ਬਰਾਮਦ ਹੋਈਆਂ ਹੱਡੀਆਂ ਤੇ ਬ੍ਰੈਸਲੇਟ
ਕੋਤੜੀ ਦੇ ਥਾਣਾ ਅਧਿਕਾਰੀ ਨੇ ਦੱਸਿਆ ਕਿ ਖਾਨਾਬਦੋਸ਼ ਭਾਈਚਾਰੇ ਦੇ ਚਾਰ-ਪੰਜ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੱਲ ਪੰਜ ਭੱਠੀਆਂ ’ਚੋਂ ਇਕ ਭੱਠੀ ਚੱਲ ਰਹੀ ਹੈ। ਉਸ ਨੇ ਦੱਸਿਆ, “ਸਥਾਨਕ ਲੋਕਾਂ ਨੇ ਭੱਠੀ ਵਿਚ ਅੱਗ ਦੇਖੀ। ਆਮ ਤੌਰ ’ਤੇ ਭੱਠੀ ਪੂਰੀ ਤਰ੍ਹਾਂ ਢਕੀ ਹੁੰਦੀ ਹੈ ਪਰ ਭੱਠੀ ਖੁੱਲ੍ਹੀ ਸੀ। ਸਥਾਨਕ ਲੋਕਾਂ ਨੇ ਉੱਥੇ ਪਹੁੰਚ ਕੇ ਬੱਚੀ ਦੇ ਬ੍ਰੈਸਲੇਟ ਅਤੇ ਹੱਡੀਆਂ ਬਰਾਮਦ ਕੀਤੀਆਂ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਥਾਨ ਨੂੰ ਛੱਡ ਕੇ ਅੱਜ ਬਾਕੀ ਚਾਰ ਭੱਠੀਆਂ ਨੂੰ ਢਾਹ ਦਿੱਤਾ ਗਿਆ। ਪਿੰਡ ਪੁੱਜੇ ਭਾਜਪਾ ਆਗੂ ਕਾਲੂਲਾਲ ਗੁਰਜਰ ਨੇ ਪੀੜਤਾ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਦੋਸ਼ ਲਾਇਆ ਕਿ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਗਿਆ ਅਤੇ ਉਸ ਦੀ ਲਾਸ਼ ਨੂੰ ਭੱਠੀ ਵਿਚ ਸਾੜ ਦਿੱਤਾ ਗਿਆ। ਗੁਰਜਰ ਨੇ ਦੋਸ਼ ਲਾਇਆ ਕਿ ਪੁਲਸ ਨੇ ਇਸ ਮਾਮਲੇ ਵਿਚ ਤੁਰੰਤ ਕਾਰਵਾਈ ਨਹੀਂ ਕੀਤੀ ਅਤੇ ਪਿੰਡ ਵਾਸੀਆਂ ਵੱਲੋਂ ਫੜੇ ਜਾਣ ’ਤੇ ਹੀ ਸ਼ੱਕੀ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਤੱਕ ਇਸ ਮਾਮਲੇ ਵਿਚ ਜਬਰ ਜ਼ਿਨਾਹ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ ਅਤੇ ਜਾਂਚ ਜਾਰੀ ਹੈ। ਕਾਂਗਰਸੀ ਆਗੂ ਧੀਰਜ ਗੁਰਜਰ ਨੇ ਵੀ ਮੌਕੇ 'ਤੇ ਪਹੁੰਚ ਕੇ ਘਟਨਾ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8