ਲਾਕਡਾਊਨ ''ਚ ਗੰਗਾ ਨਦੀ ਪਹਿਲਾਂ ਨਾਲੋਂ ਵੱਧ ਸਾਫ਼: NMCG

Sunday, Apr 26, 2020 - 06:14 PM (IST)

ਨਵੀਂ ਦਿੱਲੀ-ਲਾਕਡਾਊਨ ਦੌਰਾਨ ਗੰਗਾ ਨਦੀ ਪਹਿਲਾਂ ਨਾਲੋਂ ਵਧ ਸਾਫ਼ ਹੋਈ ਹੈ ਅਤੇ ਨਦੀ ਦੇ ਪਾਣੀ 'ਚ ਘੁਲਨਸ਼ੀਲ ਆਕਸੀਜਨ ਦੀ ਮਾਤਰਾ ਵਧੀ ਹੈ। ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨ.ਐੱਮ.ਸੀ.ਜੀ.) ਦੇ ਡਾਇਰੈਕਟਰ ਜਨਰਲ ਰਾਜੀਵ ਰੰਜਨ ਮਿਸ਼ਰਾ ਨੇ ਇਹ ਜਾਣਕਾਰੀ ਦਿੱਤੀ। ਮਿਸ਼ਰਾ ਨੇ ਕਿਹਾ ਕਿ ਪਾਣੀ ਦੀ ਗੁਣਵੱਤਾ ਨਿਗਰਾਨੀ ਸਟੇਸ਼ਨਾਂ ਨੇ ਅਪ੍ਰੈਲ 'ਚ ਗੰਗਾ ਨਦੀ ਦੇ ਪਾਣੀ ਦੇ ਵੱਖ-ਵੱਖ ਸਥਾਨਾਂ ਤੋਂ ਨਮੂਨੇ ਇਕੱਠੇ ਕੀਤੇ ਅਤੇ ਇਹ ਅਧਿਐਨ ਲਈ ਭੇਜੇ ਗਏ। 

ਰਿਪੋਰਟ 'ਚ ਸਪੱਸ਼ਟ ਹੋਇਆ ਹੈ ਕਿ ਗੰਗਾ ਨਦੀ ਪਹਿਲਾਂ ਦੀ ਤੁਲਨਾ 'ਚ ਸਾਫ਼ ਹੋਈ ਹੈ। ਗੰਗਾ ਨਦੀ ਦੇ ਪਾਣੀ 'ਚ ਕਈ ਥਾਵਾਂ 'ਤੇ ਘੁਲਨਸ਼ੀਲ ਆਕਸੀਜਨ ਦਾ ਪੱਧਰ ਕਾਫ਼ੀ ਵਧ ਗਿਆ ਹੈ, ਜੋ ਪਾਣੀ ਦੇ ਸਾਫ਼ ਹੋਣ ਦਾ ਸਪੱਸ਼ਟ ਸੰਕੇਤ ਹੈ। ਕਈ ਥਾਂਵਾਂ 'ਤੇ ਨਦੀ ਦੇ ਪਾਣੀ 'ਚ ਜੈਵਿਕ ਆਕਸੀਜਨ ਮੰਗ (ਬੀ.ਓ.ਡੀ.) ਦਾ ਪੱਧਰ ਪਹਿਲਾਂ ਦੀ ਤੁਲਨਾ 'ਚ ਘੱਟ ਹੋਇਆ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਨਦੀ ਦੇ ਪਾਣੀ ਦੀ ਗੁਣਵੱਤਾ ਬਿਹਤਰ ਹੋਈ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ ਜ਼ਿਆਦਾਤਰ ਨਿਗਰਾਨੀ ਕੇਂਦਰਾਂ 'ਚ ਗੰਗਾ ਨਦੀ ਦਾ ਪਾਣੀ ਨਹਾਉਣ ਯੋਗ ਮਿਲਿਆ ਹੈ। ਸੀ.ਪੀ.ਸੀ.ਬੀ ਦੇ ਅਸਲੀ ਸਮੇਂ ਦੇ ਨਿਗਰਾਨੀ ਅੰਕੜਿਆਂ ਅਨੁਸਾਰ ਗੰਗਾ ਨਦੀ ਦੇ ਵੱਖ-ਵੱਖ ਬਿੰਦੂਆਂ 'ਤੇ ਸਥਿਤ 36 ਨਿਗਰਾਨੀ ਯੂਨਿਟਾਂ 'ਚ ਲਗਭਗ 27 ਬਿੰਦੂਆਂ 'ਤੇ ਪਾਣੀ ਦੀ ਗੁਣਵੱਤਾ ਨਹਾਉਣ ਅਤੇ ਮੱਛੀ ਪਾਲਣ ਦੇ ਅਨੁਕੂਲ ਪਾਇਆ ਗਿਆ ਹੈ। 


Iqbalkaur

Content Editor

Related News