ਗਾਂਧੀ ਜਯੰਤੀ 'ਤੇ ਵਿਸ਼ੇਸ਼: ਜਦੋਂ ਮੌਬ ਲਿੰਚਿੰਗ ਦਾ ਸ਼ਿਕਾਰ ਹੋਣ ਤੋਂ ਬਚੇ ਸਨ ਮਹਾਤਮਾ ਗਾਂਧੀ!

10/02/2019 9:56:40 AM

ਨਵੀਂ ਦਿੱਲੀ—ਵਰਤਮਾਨ 'ਚ ਮੌਬ ਲਿੰਚਿੰਗ ਵਰਗੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਪਰ ਅਜਿਹੀ ਹੀ ਇੱਕ ਮੌਬ ਲਿੰਚਿੰਗ ਵਰਗੀ ਘਟਨਾ ਦਾ ਸਾਹਮਣਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਵੀ ਕਰਨਾ ਪਿਆ ਸੀ ਅਤੇ ਉਹ ਬਹੁਤ ਹੀ ਮੁਸ਼ਕਿਲ ਨਾਲ ਬਚੇ ਸੀ। ਦੱਸ ਦੇਈਏ ਕਿ ਮਹਾਤਮਾ ਗਾਂਧੀ ਕਾਰੋਬਾਰੀ ਦਾਦਾ ਅਬਦੁੱਲਾ ਦੇ ਬੁਲਾਉਣ ਤੇ ਉਨ੍ਹਾਂ ਦੀ ਕੰਪਨੀ ਨੂੰ ਕਾਨੂੰਨੀ ਮਦਦ ਦੇਣ 1893 'ਚ ਦੱਖਣੀ ਅਫਰੀਕਾ ਪਹੁੰਚੇ। ਬੈਰੀਸਟਰ ਮੋਹਨਦਾਸ ਕਰਮਚੰਦ ਗਾਂਧੀ ਆਪਣੇ ਸੰਘਰਸ਼ ਦੀ ਤਾਕਤਾਂ ਦੇ ਜ਼ੋਰ 'ਤੇ ਸਿਰਫ 3 ਸਾਲਾ ਦੌਰਾਨ 1896 ਤੱਕ ਇੱਕ ਰਾਜਨੇਤਾ ਦੇ ਰੂਪ 'ਚ ਸਥਾਪਿਤ ਹੋ ਚੁੱਕੇ ਸੀ। ਉਨ੍ਹਾਂ ਨੇ 22 ਅਗਸਤ 1894 ਨੂੰ ਨਤਾਲ ਇੰਡੀਅਨ ਕਾਂਗਰਸ (ਐੱਨ. ਆਈ. ਸੀ) ਦੀ ਸਥਾਪਨਾ ਕੀਤੀ ਅਤੇ ਦੱਖਣੀ ਅਫਰੀਕਾ 'ਚ ਭਾਰਤੀਆਂ ਦੇ ਹਿੱਤਾਂ ਲਈ ਸੰਘਰਸ਼ ਕਰਦੇ ਰਹੇ। ਇਸ ਦੌਰਾਨ ਉਹ 1896 'ਚ ਭਾਰਤ ਵਾਪਸ ਆਏ ਸੀ।

ਗਾਂਧੀ ਆਪਣੇ ਮੁਹਿੰਮ 'ਚ ਲੱਗੇ ਹੋਏ ਸੀ ਕਿ ਅਚਾਨਕ ਨਤਾਲ ਦੇ ਭਾਰਤੀ ਭਾਈਚਾਰੇ ਵੱਲੋਂ ਇੱਕ ਟੈਲੀਗ੍ਰਾਮ ਆਈ ਅਤੇ ਉਹ 30 ਨਵੰਬਰ 1896 ਨੂੰ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ। ਇਸ ਵਾਰ ਗਾਂਧੀ ਜੀ ਨਾਲ ਉਨ੍ਹਾਂ ਦੇ ਬੱਚਿਆ ਸਮੇਤ ਪਰਿਵਾਰ ਵੀ ਸੀ। ਗਾਂਧੀ ਜੀ ਦੇ ਦੱਖਣੀ ਅਫਰੀਕਾ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ 'ਗ੍ਰੀਨ ਪੰਫਲੈਟ' ਨੇ ਉੱਥੇ ਕਾਫੀ ਤਣਾਅਪੂਰਨ ਮਾਹੌਲ ਪੈਦਾ ਕਰ ਦਿੱਤਾ ਸੀ। ਗ੍ਰੀਨ ਪੰਫਲੈਟ ਦੀ ਇਸ ਪੁਸਤਕ 'ਚ ਭਾਰਤੀਆਂ ਦੇ ਸਾਹਮਣੇ ਖੜੀਆਂ ਸਮੱਸਿਆਵਾਂ ਦਾ ਜ਼ਿਕਰ ਸੀ। ਦੂਜੇ ਪਾਸੇ ਦੱਖਣੀ ਅਫਰੀਕਾ 'ਚ ਇਹ ਅਫਵਾਹ ਫੈਲਾਈ ਗਈ ਸੀ ਕਿ ਗਾਂਧੀ ਨੇ ਇਸ ਪੁਸਤਕ 'ਚ ਗੋਰੇ ਯੂਰਪੀਆਂ ਬਾਰੇ ਇਤਰਾਜ਼ਯੋਗ ਲਿਖੀ ਹੈ ਅਤੇ ਭਾਰਤ 'ਚ ਉਨ੍ਹਾਂ ਨੇ ਇਸ ਭਾਈਚਾਰੇ ਦੇ ਖਿਲਾਫ ਮੁਹਿੰਮ ਚਲਾ ਰੱਖੀ ਹੈ। ਹੁਣ ਉਹ 2 ਜਹਾਜ਼ਾਂ 'ਚ ਭਾਰਤੀਆਂ ਨੂੰ ਭਰ ਕੇ ਨਤਾਲ 'ਚ ਵਸਾਉਣ ਲਈ ਲਿਆ ਰਹੇ ਹਨ।

ਇਤਿਹਾਸਿਕ ਤੱਥਾਂ ਮੁਤਾਬਕ ਗਾਂਧੀ ਜੀ ਦਾ ਜਹਾਜ਼ ਜਦੋਂ ਡਰਬਨ ਪਹੁੰਚਿਆ ਤਾਂ ਮਾਹੌਲ ਇਨ੍ਹਾਂ ਗਰਮਾ ਗਿਆ ਸੀ ਕਿ ਜਹਾਜ਼ 'ਚੋਂ ਕਿਸੇ ਯਾਤਰੀ ਨੂੰ ਉਤਰਨ ਨਹੀਂ ਦਿੱਤਾ ਗਿਆ ਅਤੇ 21 ਦਿਨਾਂ ਤੱਕ ਜਹਾਜ਼ ਸਮੁੰਦਰ 'ਚ ਪ੍ਰਸ਼ਾਸਨ ਦੇ ਕੰਟਰੋਲ 'ਚ ਰਿਹਾ ਪਰ ਗਾਂਧੀ ਦੇ ਖਿਲਾਫ ਗੁੱਸਾ ਫਿਰ ਵੀ ਘੱਟ ਨਹੀਂ ਹੋਇਆ ਸੀ। ਭੀੜ ਦੋਵਾਂ ਜਹਾਜ਼ਾਂ ਨੂੰ ਵਾਪਸ ਕਰਨ ਦੀ ਮੰਗ ਕਰ ਰਹੀ ਸੀ ਜਾਂ ਉਸ ਨੂੰ ਸਮੁੰਦਰ 'ਚ ਡੁੱਬੋ ਦੇਣਾ ਚਾਹੁੰਦੀ ਸੀ। ਅੰਤ 'ਚ ਪ੍ਰਸ਼ਾਸਨ ਨੇ ਦੋਵਾਂ ਜਹਾਜ਼ਾਂ ਨੂੰ ਬੰਦਰਗਾਹਾਂ ਤੋਂ ਲਗਾਉਣ ਦੀ ਆਗਿਆ ਤਾਂ ਦੇ ਦਿੱਤੀ ਪਰ ਗਾਂਧੀ ਨੂੰ ਭੀੜ ਤੋਂ ਬਚਾਉਣ ਲਈ ਕੋਈ ਹੱਲ ਉਨ੍ਹਾਂ ਕੋਲ ਨਹੀਂ ਸੀ।

ਗਿਰੀਰਾਜ ਕਿਸ਼ੋਰ ਆਪਣੀ ਪੁਸਤਕ 'ਚ ਲਿਖਦੇ ਹਨ ਕਿ ਗਾਂਧੀ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਆਪਣੇ ਦੋਸਤ ਜੀਵਨਜੀ ਰੁਸਤਮਜੀ ਦੇ ਘਰ ਇੱਕ ਗੱਡੀ ਰਾਹੀਂ ਸੁਰੱਖਿਅਤ ਭੇਜ ਦਿੱਤਾ। ਉਨ੍ਹਾਂ ਦੀ ਯੋਜਨਾ ਸੀ ਕਿ ਉਹ ਦਾਦਾ ਅਬਦੁੱਲਾ ਦੇ ਕਾਨੂੰਨੀ ਸਲਾਹਕਾਰ ਮਿਸਟਰ ਲਾਟਨ ਨਾਲ ਲੁਕ ਦੇ ਪੈਦਲ ਚਲੇ ਜਾਣਗੇ ਪਰ ਜਦੋਂ ਉਹ ਆਪਣੇ ਪਰਿਵਾਰ ਨੂੰ ਜਾਂਦੇ ਹੋਏ ਦੇਖ ਰਹੇ ਸੀ ਤਾਂ ਨੌਜਵਾਨਾਂ ਦੀ ਭੀੜ ਨੇ ਉਨ੍ਹਾਂ ਨੂੰ ਪਹਿਚਾਣ ਲਿਆ। ਉੱਥੇ ਹੀ 'ਗਾਂਧੀ, ਗਾਂਧੀ...' ਦੀ ਆਵਾਜ਼ਾਂ ਨਾਲ ਚੀਕਦੇ ਹੋਏ ਮੋਹਨਦਾਸ 'ਤੇ ਟੁੱਟ ਪਏ। ਗਾਂਧੀ ਜੀ 'ਤੇ ਭੀੜ ਦਾ ਹਮਲਾ ਦੇਖ ਕੇ ਨੇੜਿਓ ਲੰਘ ਰਹੀ ਪੁਲਸ ਸੁਪਰਡੈਂਟ ਆਰ. ਸੀ. ਅਲੈਕਜੈਂਡਰ ਦੀ ਪਤਨੀ ਸਾਰਾ ਅਲੈਕਜੈਂਡਰ ਨੇ ਜਦੋਂ ਦੇਖਿਆ, ਤਾਂ ਉਹ ਭੀੜ ਨੂੰ ਚੀਰਦੀ ਹੋਈ ਗਾਂਧੀ ਜੀ ਦੇ ਉੱਪਰ ਆਪਣੀ ਛੱਤਰੀ ਫੈਲਾ ਕੇ ਭੀੜ ਤੋਂ ਬਚਾਅ ਕੀਤਾ। ਇਸ ਦੌਰਾਨ ਪੁਲਸ ਉੱਥੇ ਪਹੁੰਚ ਗਈ। ਗਾਂਧੀ ਜੀ ਦੀ ਜਾਨ ਤਾਂ ਫਿਲਹਾਲ ਕਿਸੇ ਤਰ੍ਹਾਂ ਬਚ ਗਈ ਪਰ ਖਤਰਾ ਖਤਮ ਨਹੀਂ ਹੋਇਆ ਸੀ। ਸਿਪਾਹੀਆਂ ਨੇ ਉਨ੍ਹਾਂ ਨੂੰ ਰੁਸਤਮਜੀ ਦੇ ਘਰ ਤੱਕ ਪਹੁੰਚਾਇਆ। ਉੱਥੇ ਡਾਕਟਰ ਵੀ ਬੁਲਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਗਾਂਧੀ ਜੀ ਰਾਹਤ ਨਹੀਂ ਮਿਲੀ ਸੀ ਕਿ ਭੀੜ ਰੁਸਤਮਜੀ ਦੇ ਘਰ ਦੇ ਬਾਹਰ ਪਹੁੰਚ ਗਈ। ਪੁਲਸ ਸੁਪਰਡੈਂਟ ਵੀ ਗਾਰਡ ਨਾਲ ਪਹੁੰਚ ਗਏ। ਭੀੜ ਦਰਵਾਜਾ ਤੋੜ ਕੇ ਘਰ 'ਚ ਦਾਖਲ ਹੋਣਾ ਚਾਹੁੰਦੀ ਸੀ ਪਰ ਗਾਂਧੀ ਜੀ ਨੇ ਸਿਪਾਹੀ ਦੀ ਪੁਸ਼ਾਕ ਪਹਿਨ ਭੇਸ ਬਦਲ ਕੇ ਉੱਥੋ ਆਪਣੀ ਜਾਨ ਬਚਾਈ, ਨਹੀਂ ਤਾਂ ਭੀੜ ਨੇ ਦੋਵਾਂ ਪਰਿਵਾਰਾਂ ਨੂੰ ਖਤਮ ਕਰ ਦੇਣਾ ਸੀ।

ਭਾਰਤ ਤੋਂ ਲੈ ਕੇ ਬ੍ਰਿਟੇਨ ਤੱਕ ਇਹ ਖਬਰ ਫੈਲ ਗਈ ਕਿ ਗਾਂਧੀ ਨੂੰ ਫਾਂਸੀ ਦਿੱਤੀ ਜਾਵੇਗੀ। ਦਿੱਲੀ ਦੇ ਵਾਇਸਰਾਏ ਨੇ ਇਸ 'ਤੇ ਚਿੰਤਾ ਜਤਾਈ। ਦੂਜੇ ਪਾਸੇ ਲੰਦਨ ਤੋਂ ਮੰਤਰੀ ਜੋਸੇਫ ਚੈਂਬਰਲੇਨ ਨੇ ਦੰਗਿਆਂ ਖਿਲਾਫ ਕਾਰਵਾਈ ਕਰਨ ਦਾ ਆਦੇਸ਼ ਭੇਜਿਆ ਪਰ ਜਦੋਂ ਮੋਹਨਦਾਸ ਤੋਂ ਪੁੱਛਿਆ ਗਿਆ ਤਾਂ ਕਿ ਕਿਹੜੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਬਦਲੇ ਦੀ ਕਾਰਵਾਈ ਕਰਨ ਤੋਂ ਇਨਕਾਰ ਦਿੱਤਾ ਅਤੇ ਕਿਹਾ, ''ਹਮਲਾਵਰ ਨੌਜਵਾਨ ਸੀ।'' ਦੂਜੇ ਦਿਨ ਅਖਬਾਰਾਂ 'ਚ ਛਪਾ ਕੇ ਚੈਂਬਰਲੇਨ ਦੇ ਆਦੇਸ਼ ਦੇ ਬਾਵਜੂਦ ਗਾਂਧੀ ਨੇ ਅਟਾਰਨੀ ਜਨਰਲ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਉਹ ਬਦਲੇ ਦੀ ਕਾਰਵਾਈ ਨਹੀਂ ਚਾਹੁੰਦੇ। ਇਹ ਖਬਰ ਪੜ੍ਹ ਕੇ ਦੱਖਣੀ ਅਫਰੀਕਾ ਹੈਰਾਨ ਰਹਿ ਗਿਆ ਸੀ। ਮੋਹਨਦਾਸ ਦੇ ਇਸ ਕਦਮ ਨੇ ਸਾਰਿਆਂ ਨੂੰ ਆਕਰਸ਼ਿਤ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਜੀ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ 'ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਮੋਹਨਦਾਸ ਕਰਮਚੰਦ ਗਾਂਧੀ ਸੀ। ਉਨ੍ਹਾਂ ਦੀ ਮਾਂ ਦਾ ਨਾਂ ਪੁਤਲੀਬਾਈ ਅਤੇ ਪਿਤਾ ਦਾ ਨਾਂ ਕਰਮਚੰਦ ਗਾਂਧੀ ਸੀ।


Iqbalkaur

Content Editor

Related News