ਤੇਲੰਗਾਨਾ ਦੇ ਇਸ ਪਿੰਡ 'ਤੇ ਚੜ੍ਹਿਆ ਖ਼ਾਲਸੇ ਦਾ ਰੰਗ, ਪੂਰੇ ਪਿੰਡ ਨੇ ਅਪਣਾ ਲਿਆ ਸਿੱਖ ਧਰਮ

Tuesday, Oct 01, 2024 - 07:58 PM (IST)

ਤੇਲੰਗਾਨਾ ਦੇ ਇਸ ਪਿੰਡ 'ਤੇ ਚੜ੍ਹਿਆ ਖ਼ਾਲਸੇ ਦਾ ਰੰਗ, ਪੂਰੇ ਪਿੰਡ ਨੇ ਅਪਣਾ ਲਿਆ ਸਿੱਖ ਧਰਮ

ਨੈਸ਼ਨਲ ਡੈਸਕ : ਦੁਨੀਆ ਭਰ ਵਿਚ ਸਿੱਖ ਧਰਮ ਆਪਣੀ ਵਿਲੱਖਣ ਪਛਾਣ ਕਰ ਕੇ ਜਾਣਿਆ ਜਾਂਦਾ ਹੈ। ਦੇਸ਼ ਵਿਦੇਸ਼ ਵਿਚ ਸਿੱਖਾਂ ਨੇ ਜਿਥੇ ਮੱਲਾਂ ਮਾਰੀਆਂ ਨੇ ਉਥੇ ਹੀ ਹੋਰਾਂ ਧਰਮਾਂ ਦੇ ਲੋਕ ਵੀ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਹਨ। ਅਜਿਹੀ ਹੀ ਇਕ ਉਦਾਹਰਣ ਤੇਲੰਗਾਨਾ ਦੇ ਪਿੰਡ ਗੱਜੂ ਬਾਈ ਠੰਡਾ ਵਿਚ ਦੇਖਣ ਨੂੰ ਮਿਲੀ ਜਿਥੇ ਦੀ ਸਮੁੱਚੀ ਅਬਾਦੀ ਨੇ ਸਿੱਖੀ ਸਰੂਪ ਧਾਰਨ ਕਰ ਕੇ ਸਿੱਖ ਧਰਮ ਨੂੰ ਅਪਣਾ ਲਿਆ ਹੈ। ਇੰਨਾ ਹੀ ਨਹੀਂ ਇੱਥੋਂ ਦੇ ਲੋਕਾਂ ਨੇ ਇਸ ਪਿੰਡ ਦਾ ਨਾਂ ‘ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਗਰ’ ਰੱਖਿਆ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਲੰਬੜਾ ਜਾਤੀ ਦੇ ਇਸ ਪਿੰਡ ਦੇ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਖਾਲਸੇ ਦੇ ਇਤਿਹਾਸ ਤੋਂ ਇੰਨੇ ਪ੍ਰੇਰਿਤ ਅਤੇ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਆਪਣੀ ਇੱਛਾ ਅਨੁਸਾਰ ਸਿੱਖ ਧਰਮ ਨੂੰ ਅਪਣਾ ਲਿਆ ਹੈ। ਇੱਥੋਂ ਦੇ ਜ਼ਿਆਦਾਤਰ ਲੋਕ ਲੰਬੜੀ, ਤੇਲਗੂ ਅਤੇ ਹਿੰਦੀ ਭਾਸ਼ਾਵਾਂ ਬੋਲਦੇ ਹਨ। ਇੱਥੇ ਪੰਜਾਬੀ ਭਾਸ਼ਾ ਨੂੰ ਕੋਈ ਨਹੀਂ ਜਾਣਦਾ। ਪਿੰਡ ਦਾ ਆਪਣਾ ਦੋ ਮੰਜ਼ਿਲਾ ਗੁਰਦੁਆਰਾ ਵੀ ਹੈ ਜਿਸਦਾ ਨਾਮ ਗੁਰਦੁਆਰਾ ਦਸਮੇਸ਼ ਦਰਬਾਰ ਹੈ। ਇਸ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਕਈ ਸਿੰਘ ਸੇਵਾਦਾਰਾਂ ਤੋਂ ਮਦਦ ਲਈ ਗਈ। ਕਿਹਾ ਜਾਂਦਾ ਹੈ ਕਿ ਭਾਈ ਮੋਹਨ ਸਿੰਘ ਜੀ, ਜੋ ਇੱਥੇ ਗ੍ਰੰਥੀ ਦੀ ਸੇਵਾ ਕਰਦੇ ਸਨ, ਹੈਦਰਾਬਾਦ ਤੋਂ ਆ ਕੇ ਇੱਥੇ ਵਸ ਗਏ ਹਨ।

ਗੁਰੂ ਜੀ ਨੇ ਇੱਥੋਂ ਦੇ ਲੋਕਾਂ ਨੂੰ ਏਨੀ ਬਖਸ਼ਿਸ਼ ਕੀਤੀ ਹੈ ਕਿ ਇੱਥੇ ਕਿਸੇ ਵੀ ਦੁਕਾਨ 'ਤੇ ਕੋਈ ਵੀ ਨਸ਼ਾ ਨਹੀਂ ਮਿਲਦਾ। ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ। ਸ਼ਰਧਾਲੂ ਦੂਰ-ਦੂਰ ਤੋਂ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ। ਇਸ ਦੌਰਾਨ ਹੋਰਾਂ ਸਿੱਖ ਆਗੂਆਂ ਨੇ ਸਮੂਹ ਗੁਰੂ-ਭਗਤਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਅਤੇ ਹੋਰ ਲੋਕਾਂ ਦਾ ਜੀਵਨ ਸਫਲ ਕਰਨ ਲਈ ਪ੍ਰੇਰਿਤ ਕੀਤਾ।


author

Baljit Singh

Content Editor

Related News