G-20 Summit ਦੀ ਮੇਜ਼ਬਾਨੀ ਕਰੇਗਾ ਭਾਰਤ, ਅਗਲੇ ਸਾਲ ਦਿੱਲੀ ’ਚ ਹੋਵੇਗਾ ਸੰਮੇਲਨ

Wednesday, Sep 14, 2022 - 04:55 PM (IST)

G-20 Summit ਦੀ ਮੇਜ਼ਬਾਨੀ ਕਰੇਗਾ ਭਾਰਤ, ਅਗਲੇ ਸਾਲ ਦਿੱਲੀ ’ਚ ਹੋਵੇਗਾ ਸੰਮੇਲਨ

ਨਵੀਂ ਦਿੱਲੀ- ਭਾਰਤ ਅਗਲੇ ਸਾਲ ਦੁਨੀਆ ਦੀਆਂ 20 (G-20) ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਆਗੂਆਂ ਦੇ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਕੇਂਦਰੀ ਵਿਦੇਸ਼ ਮੰਤਰਾਲਾ ਵਲੋਂ ਮੰਗਲਵਾਰ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਐਲਾਨ ਕੀਤਾ ਕਿ ਇਸ ਦਾ ਆਯੋਜਨ 9-10 ਸਤੰਬਰ 2023 ਨੂੰ ਨਵੀਂ ਦਿੱਲੀ ’ਚ ਹੋਵੇਗਾ। ਵਿਦੇਸ਼ ਮੰਤਰਾਲਾ ਨੇ ਜਾਰੀ ਬਿਆਨ ’ਚ ਕਿਹਾ ਕਿ ਭਾਰਤ G-20 ਸਮੂਹ ਦੀ ਆਪਣੀ ਪ੍ਰਧਾਨਗੀ ’ਚ ਅਗਲੇ ਸਾਲ ਸਾਲਾਨਾ ਸ਼ਿਖਰ ਸੰਮੇਲਨ ਸਮੇਤ ਕਰੀਬ 200 ਤੋਂ ਵੱਧ ਬੈਠਕਾਂ ਦੀ ਮੇਜ਼ਬਾਨੀ ਕਰੇਗਾ। ਮੰਤਰਾਲਾ ਮੁਤਾਬਕ ਭਾਰਤ 1 ਦਸੰਬਰ 2022 ਤੋਂ 30 ਨਵੰਬਰ 2023 ਤੱਕ ਇਕ ਸਾਲ ਲਈ G-20 ਦੇ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲੇਗਾ। ਉਹ ਅਗਲੇ ਸਾਲ 9-10 ਸਤੰਬਰ ਨੂੰ G-20 ਦੇ ਸਾਲਾਨਾ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। 

ਕੀ ਹੈ G-20 Summit
G-20 Summit ਦੁਨੀਆ ਦੇ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇਕ ਅੰਤਰ-ਸਰਕਾਰੀ ਸਮੂਹ ਹੈ। ਇਸ ’ਚ ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫ਼ਰੀਕਾ, ਤੁਰਕੀ, ਬ੍ਰਿਟੇਨ, ਅਮਰੀਕਾ ਅਤੇ ਯੂਰਪੀ ਸੰਘ ਸ਼ਾਮਲ ਹਨ। ਭਾਰਤ ਮੌਜੂਦਾ ਸਮੇਂ ਵਿਚ ਜੀ-20 ਤਿਕੜੀ (ਤਿੰਨ ਦੇਸ਼ਾਂ ਦੇ ਸਮੂਹ ਯਾਨੀ ਕਿ ਮੌਜੂਦਾ, ਪਿਛਲੇ ਅਤੇ ਆਗਾਮੀ ਪ੍ਰਧਾਨ) ਦਾ ਹਿੱਸਾ ਹੈ, ਜਿਸ ’ਚ ਇੰਡੋਨੇਸ਼ੀਆ, ਭਾਰਤ ਅਤੇ ਬ੍ਰਾਜ਼ੀਲ ਸ਼ਾਮਲ ਹਨ। ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ, ਜਦੋਂ ਤਿੰਨ ਦੇਸ਼ਾਂ ਦੇ ਸਮੂਹ ’ਚ ਤਿੰਨ ਵਿਕਾਸਸ਼ੀਲ ਦੇਸ਼ ਅਤੇ ਉੱਭਰਦੀ ਅਰਥਵਿਵਸਥਾਵਾਂ ਸ਼ਾਮਲ ਹੋਣਗੀਆਂ, ਜਿਨ੍ਹਾਂ ’ਚ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਮਿਲੇਗਾ। 


author

Tanu

Content Editor

Related News