ਰਾਮ ਮੰਦਰ ਦੇ ਨਿਰਮਾਣ ਲਈ ਇਕੱਠੇ ਕੀਤੇ ਚੰਦੇ ’ਚ ਵੀ ‘ਡਾਕਾ’ ਮਾਰਿਆ ਗਿਆ, ਪਰ ਜਾਂਚ ਨਹੀਂ ਹੋਈ : ਜੈਰਾਮ ਰਮੇਸ਼

Thursday, Oct 22, 2026 - 08:45 PM (IST)

ਰਾਮ ਮੰਦਰ ਦੇ ਨਿਰਮਾਣ ਲਈ ਇਕੱਠੇ ਕੀਤੇ ਚੰਦੇ ’ਚ ਵੀ ‘ਡਾਕਾ’ ਮਾਰਿਆ ਗਿਆ, ਪਰ ਜਾਂਚ ਨਹੀਂ ਹੋਈ : ਜੈਰਾਮ ਰਮੇਸ਼

ਨਵੀਂ ਦਿੱਲੀ,  (ਏਜੰਸੀ)-ਕਾਂਗਰਸ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਅਯੁੱਧਿਆ ਸਥਿਤ ਸ਼੍ਰੀ ਰਾਮ ਮੰਦਰ ’ਚ ਚੜ੍ਹਾਵੇ ਦੀ ਚੋਰੀ ਨਹੀਂ ਹੋਈ, ਸਗੋਂ ਮੰਦਰ ਨਿਰਮਾਣ ਲਈ ਇਕੱਠੇ ਕੀਤੇ ਚੰਦੇ ’ਚ ਵੀ ‘ਡਾਕਾ’ ਮਾਰਿਆ ਗਿਆ ਅਤੇ ਇਸ ਨਾਲ ਜੁੜੇ ਦੋਸ਼ਾਂ ਦੀ ਜਾਂਚ ਨਹੀਂ ਕੀਤੀ ਗਈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਕੀਤਾ ਕਿ ਉਨ੍ਹਾਂ ਦੇ ‘ਨੱਕ ਹੇਠਾਂ ਚੰਦਾ ਚੋਰੀ ਅਤੇ ਚੜ੍ਹਾਵਾ ਚੋਰੀ’ ਹੁੰਦਾ ਰਿਹਾ ਤਾਂ ਉਨ੍ਹਾਂ ਨੇ ਇਸ ਨੂੰ ਆਪਣੀ ‘ਮੂਕ ਸਹਿਮਤੀ’ ਦੇ ਕੇ ਖੁਦ ਨੂੰ ‘ਪਾਪ ਦਾ ਭਾਗੀ’ ਕਿਉਂ ਬਣਾਇਆ?
ਰਮੇਸ਼ ਨੇ ‘ਐਕਸ’ ’ਤੇ ਇਕ ਪੋਸਟ ’ਚ ਰਾਮ ਮੰਦਰ ਟਰੱਸਟ ਦੇ ਬਾਗ ਬਿਜੈਸੀ ਜ਼ਮੀਨ ਸੌਦੇ ਨੂੰ ਲੈ ਕੇ ਭਾਜਪਾ, ਆਰ. ਐੱਸ. ਐੱਸ. ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਦੋਸ਼ ਲਾਇਆ, ‘‘ਭਾਜਪਾ, ਆਰ. ਐੱਸ. ਐੱਸ., ਵਿਸ਼ਵ ਹਿੰਦੂ ਪ੍ਰੀਸ਼ਦ ਕਾ ਸਪਨਾ, ਚੰਦੇ ਕਾ ਮਾਲ ਅਪਨਾ।’’

ਉਨ੍ਹਾਂ ਜ਼ਮੀਨ ਸਬੰਧੀ ਸੌਦੇ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਦੋਹਾਂ ਰਜਿਸਟਰੀਆਂ ’ਚ ਗਵਾਹ ਵੀ ਇਕ ਹੀ ਸਨ, ਜਿਨ੍ਹਾਂ ’ਚ ਤਤਕਾਲੀ ਭਾਜਪਾ ਮੇਅਰ ਰਿਸ਼ੀਕੇਸ਼ ਉਪਾਧਿਆਏ ਅਤੇ ਟਰੱਸਟੀ ਅਨਿਲ ਮਿਸ਼ਰਾ ਸ਼ਾਮਲ ਸਨ। ਰਮੇਸ਼ ਨੇ ਸਵਾਲ ਕੀਤਾ, ‘‘ਕੀ ਇਹ ਸਹੀ ਨਹੀਂ ਹੈ ਕਿ 2021 ਦੀ ਜਾਂਚ ਰਿਪੋਰਟ 5 ਸਾਲ ਬਾਅਦ ਵੀ ਜਨਤਕ ਨਹੀਂ ਹੋਈ? ਜ਼ਮੀਨ ਸੌਦਿਆਂ ’ਚ ਐੱਸ. ਆਈ. ਟੀ. ਜਾਂਚ ਦਾ ਨਤੀਜਾ ਕਦੋਂ ਆਵੇਗਾ?’’

ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਰਾਮ ਮੰਦਰ ’ਚ ‘ਸਿਰਫ ਚੜ੍ਹਾਵਾ ਹੀ ਚੋਰੀ ਨਹੀਂ ਹੋਇਆ ਹੈ’, ਸਗੋਂ ਮੰਦਰ ਨਿਰਮਾਣ ਲਈ ਦੇਸ਼ ਦੇ ਕਰੋੜਾਂ ਲੋਕਾਂ ਤੋਂ ਜੁਟਾਏ ਗਏ ਹਜ਼ਾਰਾਂ ਕਰੋੜ ਰੁਪਏ ਦੇ ਚੰਦੇ ’ਚ ਵੀ ‘ਡਾਕਾ ਮਾਰਿਆ ਗਿਆ’। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰ ਵੱਲੋਂ ਵਾਰ-ਵਾਰ ਸਵਾਲ ਉਠਾਏ ਜਾਣ ਦੇ ਬਾਵਜੂਦ ਭਾਜਪਾ, ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਅਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਨਾਲ ਜੁੜੇ ਲੋਕਾਂ ’ਤੇ ਲੱਗੇ ਦੋਸ਼ਾਂ ਨੂੰ ਲੈ ਕੇ ਨਾ ਤਾਂ ਕੋਈ ਜਾਂਚ ਹੋਈ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਗਈ।

10 ਕਰੋੜ ਤੋਂ ਵੱਧ ਭਾਰਤੀਆਂ ਦੇ ਵੋਟ ਪਾਉਣ ਦੇ ਸੰਵਿਧਾਨਕ ਅਧਿਕਾਰ ’ਤੇ ਮੰਡਰਾਇਆ ਖ਼ਤਰਾ

ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਦਾ ‘ਪੂਰਾ ਤੰਤਰ’ ਨਿਰਾਸ਼ਾ ਅਤੇ ਘਬਰਾਹਟ ਵਿਚ ਲੋਕਾਂ ਦਾ ਧਿਆਨ ਭਟਕਾਉਣ ਅਤੇ ‘ਅਸਲ ਮੁੱਦਿਆਂ’ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਫ਼ਲ ਨਹੀਂ ਹੋਵੇਗਾ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਦਾਅਵਾ ਵੀ ਕੀਤਾ ਕਿ ‘ਝੂਠ ਫੈਲਾਉਣਾ’ ਪ੍ਰਧਾਨ ਮੰਤਰੀ ਦੇ ਤੰਤਰ ਦੇ ਡੀ. ਐੱਨ. ਏ. ਵਿਚ ਹੈ। ਉਨ੍ਹਾਂ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਪ੍ਰਧਾਨ ਮੰਤਰੀ ਦਾ ਪੂਰਾ ਤੰਤਰ ਹੁਣ ਨਿਰਾਸ਼ਾ ਅਤੇ ਘਬਰਾਹਟ ਵਿਚ ਲੋਕਾਂ ਦਾ ਧਿਆਨ ਭਟਕਾਉਣ ਅਤੇ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ‘ਵੋਟ ਚੋਰੀ ਹੁਣ ਇਕ ਸਾਬਤ ਹੋ ਚੁੱਕੀ ਸੱਚਾਈ ਹੈ’ ਅਤੇ ਚੋਣ ਕਮਿਸ਼ਨ ਦੇ ਆਪਣੇ ਅੰਕੜਿਆਂ ਮੁਤਾਬਕ, 10 ਕਰੋੜ ਤੋਂ ਵੱਧ ਭਾਰਤੀਆਂ ਦੇ ਵੋਟ ਪਾਉਣ ਦੇ ਸੰਵਿਧਾਨਕ ਅਧਿਕਾਰ ’ਤੇ ਖ਼ਤਰਾ ਮੰਡਰਾਅ ਰਿਹਾ ਹੈ। ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਨਵੇਂ ਵੋਟਰਾਂ ਲਈ ਰੁਕਾਵਟਾਂ ਖੜ੍ਹੀਆਂ ਕਰਨ ਦੇ ਮਕਸਦ ਨਾਲ ਫਾਰਮ-6 ਵਿਚ ‘ਗ਼ੈਰ-ਕਾਨੂੰਨੀ ਬਦਲਾਅ’ ਕੀਤੇ ਹਨ।


author

Shubam Kumar

Content Editor

Related News