ਈ. ਸੀ. ਆਈ. ਨੈੱਟ ਸਾਫਟਵੇਅਰ ਬਾਰੇ ਜਾਣਕਾਰੀ ਲੁਕਾ ਰਿਹੈ ਚੋਣ ਕਮਿਸ਼ਨ : ਜੈਰਾਮ ਰਮੇਸ਼

Sunday, Oct 25, 2026 - 07:17 PM (IST)

ਈ. ਸੀ. ਆਈ. ਨੈੱਟ ਸਾਫਟਵੇਅਰ ਬਾਰੇ ਜਾਣਕਾਰੀ ਲੁਕਾ ਰਿਹੈ ਚੋਣ ਕਮਿਸ਼ਨ : ਜੈਰਾਮ ਰਮੇਸ਼

ਨਵੀਂ ਦਿੱਲੀ,  (ਏਜੰਸੀ)- ਕਾਂਗਰਸ ਨੇ ਐਤਵਾਰ ਨੂੰ ਚੋਣ ਕਮਿਸ਼ਨ ’ਤੇ ਵਿਵਾਦਤ ਈ. ਸੀ. ਆਈ. ਨੈੱਟ ਸਾਫਟਵੇਅਰ ਨਾਲ ਜੁੜੀ ਜਾਣਕਾਰੀ ਲੁਕਾਉਣ ਦਾ ਦੋਸ਼ ਲਾਇਆ ਅਤੇ ਦਾਅਵਾ ਕੀਤਾ ਕਿ ਉਹ ਵਾਰ-ਵਾਰ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਿਹਾ ਹੈ, ਕਿਉਂਕਿ ਇਸ ਨਾਲ ਵੋਟਰ ਸੂਚੀਆਂ ਦੀ ਵਿਸ਼ੇਸ਼ ਡੂੰਘਾਈ ਨਾਲ ਸਮੀਖਿਆ (ਐੱਸ. ਆਈ. ਆਰ.) ’ਚ ਵੱਡੇ ਪੱਧਰ ’ਤੇ ਹੋਈ ਗੜਬੜੀ ਦੀ ਸੱਚਾਈ ਸਾਹਮਣੇ ਆ ਜਾਵੇਗੀ। ਕਾਂਗਰਸ ਨੇ ਇਸ ਪ੍ਰਕਿਰਿਆ ਨੂੰ ਵਿਨਾਸ਼ਕਾਰੀ ਦੱਸਿਆ। ਵਿਰੋਧੀ ਧਿਰ ਨੇ ਇਕ ਵਾਰ ਫਿਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਐੱਸ. ਆਈ. ਆਰ. ਦੀ ਪ੍ਰਕਿਰਿਆ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ।

ਕਾਂਗਰਸ ਜਨਰਲ ਸਕੱਤਰ ਅਤੇ ਸੰਚਾਰ ਇੰਚਾਰਜ ਜੈਰਾਮ ਰਮੇਸ਼ ਨੇ ਮੀਡੀਆ ’ਚ ਆਈ ਇਕ ਖਬਰ ਸਾਂਝੀ ਕੀਤੀ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ (ਈ. ਸੀ. ਆਈ.) ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਐੱਸ. ਆਈ. ਆਰ. ਦੌਰਾਨ ਵੋਟਰ ਸੂਚੀਆਂ ’ਚ ਗਲਤੀਆਂ ਤੇ ਗੜਬੜੀਆਂ ਦੀ ਪਛਾਣ ਕਰਨ ਲਈ ਕਿਸ ਸਾਫਟਵੇਅਰ ਅਤੇ ਉਸ ਦੇ ਕਿਸ ਐਡੀਸ਼ਨ ਦੀ ਵਰਤੋਂ ਕੀਤੀ ਗਈ ਸੀ। ਖਬਰ ਮੁਤਾਬਕ ਕਮਿਸ਼ਨ ਨੇ ਕਿਹਾ ਕਿ ਇਹ ਜਾਣਕਾਰੀ ਗੁਪਤਤਾ ਨਾਲ ਜੁੜੀ ਹੈ, ਇਸ ਲਈ ਇਸ ਨੂੰ ਸੂਚਨਾ ਦਾ ਅਧਿਕਾਰ (ਆਰ. ਟੀ. ਆਈ.) ਕਾਨੂੰਨ ਹੇਠ ਸਾਂਝਾ ਕਰਨ ਤੋਂ ਛੋਟ ਪ੍ਰਾਪਤ ਹੈ। ਰਮੇਸ਼ ਅਨੁਸਾਰ, ਇਹ ਸਾਫਟਵੇਅਰ ਵਿਨਾਸ਼ਕਾਰੀ ਐੱਸ. ਆਈ. ਆਰ. ਪ੍ਰਕਿਰਿਆ ਦਾ ਅਹਿਮ ਹਿੱਸਾ ਹੈ ਅਤੇ ਇਸ ਦੀ ਵਰਤੋਂ ਵੋਟਰ ਸੂਚੀਆਂ ’ਚ ਕੇਂਦਰੀਕ੍ਰਿਤ ਢੰਗ ਨਾਲ ਗੜਬੜੀ ਕਰਨ ਲਈ ਕੀਤੀ ਗਈ ਹੈ।

ਮੋਦੀ, ਸ਼ਾਹ ‘ਚੜ੍ਹਾਵਾ ਚੋਰਾਂ’ ਦੇ ਪਾਪਾਂ ’ਤੇ ਪਰਦਾ ਪਾ ਰਹੇ

ਨਵੀਂ ਦਿੱਲੀ : ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ’ਤੇ ਅਯੁੱਧਿਆ ਦੇ ਰਾਮ ਮੰਦਰ ’ਚ ਚੰਦਾ ਚੋਰੀ ਕਰਨ ਵਾਲਿਆਂ ਦੇ ‘ਪਾਪਾਂ ’ਤੇ ਪਰਦਾ ਪਾਉਣ’ ਦਾ ਦੋਸ਼ ਲਾਉਂਦਿਆਂ ਐਤਵਾਰ ਨੂੰ ਕਿਹਾ ਕਿ ਇਸ ਮਾਮਲੇ ਦੀ ਵਿਆਪਕ ਜਾਂਚ ਸ਼ੁਰੂ ਕਰਾਉਣ ਦੀ ਬਜਾਏ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਨੇ ਇਸ ਮੁੱਦੇ ’ਤੇ ਪ੍ਰਧਾਨ ਮੰਤਰੀ ਤੋਂ ਚੁੱਪੀ ਤੋੜਨ ਦੀ ਮੰਗ ਵੀ ਕੀਤੀ। ਰਮੇਸ਼ ਨੇ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਚੁੱਪ ਰਹਿ ਕੇ ਕਿਸੇ ਹੋਰ ਮਾਮਲੇ ਦੀ ਆੜ ਲੈ ਕੇ ਦੇਸ਼ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਜਾਣ ਲੈਣ ਕਿ ਕਾਂਗਰਸ ਇਸ ਪੂਰੇ ਮਾਮਲੇ ’ਤੇ ਸੱਚਾਈ ਸਾਹਮਣੇ ਲਿਆ ਕੇ ਹੀ ਰਹੇਗੀ। ਰਮੇਸ਼ ਨੇ ਕਿਹਾ, ‘‘ਚੰਦੇ ਅਤੇ ਚੜ੍ਹਾਵੇ ਦੀ ਚੋਰੀ ਵਰਗਾ ਮਹਾਪਾਪ ਕਰਨ ਵਾਲਿਆਂ ਨੂੰ ਯਕੀਨੀ ਤੌਰ ’ਤੇ ਜਵਾਬਦੇਹ ਠਹਿਰਾਇਆ ਜਾਵੇਗਾ ਅਤੇ ਸੰਵਿਧਾਨ ਅਨੁਸਾਰ ਸਜ਼ਾ ਦਿਵਾਈ ਜਾਵੇਗੀ।’’


author

Shubam Kumar

Content Editor

Related News