ਰੀਲਜ਼ ਤੋਂ ਡੀਲਜ਼ ਤੱਕ : ਈ. ਡੀ. ਨੇ ਇੰਸਟਾਗ੍ਰਾਮ ‘ਕੁਈਨ’ ਨੂੰ ਫੜਿਆ

Saturday, Oct 18, 2025 - 11:06 PM (IST)

ਰੀਲਜ਼ ਤੋਂ ਡੀਲਜ਼ ਤੱਕ : ਈ. ਡੀ. ਨੇ ਇੰਸਟਾਗ੍ਰਾਮ ‘ਕੁਈਨ’ ਨੂੰ ਫੜਿਆ

ਨੈਸ਼ਨਲ ਡੈਸਕ- ਭਾਰਤ ’ਚ ਸੱਤਾ ਦੇ ਦਲਾਲ ਕਦੇ ਨਹੀਂ ਮਰਦੇ - ਉਹ ਸਿਰਫ਼ ਆਪਣੇ ਆਪ ਨੂੰ ਨਵਾਂ ਰੂਪ ਦਿੰਦੇ ਹਨ। ਜੇ 2000 ਦੇ ਦਹਾਕੇ ’ਚ ਨੀਰਾ ਰਾਡੀਆ ਸੀ ਤਾਂ ਇੰਸਟਾਗ੍ਰਾਮ ਦੇ ਯੁੱਗ ਨੇ ਚੰਡੀਗੜ੍ਹ ਦੀ ਇਕ ਪ੍ਰਭਾਵਸ਼ਾਲੀ ਸ਼ਖਸੀਅਤ ਸੰਦੀਪਾ ਵਿਰਕ ਨੂੰ ਜਨਮ ਦਿੱਤਾ ਹੈ ਜਿਸ ਦੇ 10 ਲੱਖ ਤੋਂ ਵੱਧ ਫਾਲੋਅਰ ਹਨ। ਉਹ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜਾਲ ’ਚ ਫਸ ਗਈ ਹੈ।

ਸੈਲਫੀ ਤੇ ਫੈਸ਼ਨ ਦੀਆਂ ਰੀਲਾਂ ਦੀ ਚਮਕ-ਦਮਕ ਦੇ ਪਿੱਛੇ ਵਿਰਕ ਨੇ ਕਥਿਤ ਤੌਰ ’ਤੇ ਲਾਈਜ਼ਨਰ ਵਜੋਂ ਕੰਮ ਕੀਤਾ ਅਤੇ ਪਰਦੇ ਪਿੱਛੇ ਸੌਦਿਆਂ ਦੀ ਦਲਾਲੀ ਕੀਤੀ। ਈ. ਡੀ. ਦਾ ਕਹਿਣਾ ਹੈ ਕਿ ਉਹ ਅਨਿਲ ਅੰਬਾਨੀ ਦੀ ਮਲਕੀਅਤ ਵਾਲੇ ਰਿਲਾਇੰਸ ਗਰੁੱਪ ਦੇ ਇਕ ਉੱਚ ਅਧਿਕਾਰੀ ਨਾਲ ਲਗਾਤਾਰ ਸੰਪਰਕ ’ਚ ਸੀ ਤੇ ਦਿੱਲੀ ਦੇ ਸੱਤਾ ਦੇ ਗਲਿਆਰਿਆਂ ’ਚ ‘ਚੀਜ਼ਾਂ’ ਦਾ ਪ੍ਰਬੰਧ ਕਰਨ ਦਾ ਵਾਅਦਾ ਕਰਦੀ ਸੀ।

ਉਸ ਦੇ ਬ੍ਰਾਂਡ ਹਾਈਬੁਕੇਅਰ ਨੇ ਆਪਣੇ ਆਪ ਨੂੰ ਇਕ ਗਲੋਬਲ ਬਿਊਟੀ ਸਟਾਰਟਅੱਪ ਵਜੋਂ ਪੇਸ਼ ਕੀਤਾ। ਇੱਥੋਂ ਤੱਕ ਕਿ ਐਫ. ਡੀ. ਏ. ਦੀ ਪ੍ਰਵਾਨਗੀ ਵੀ ਹਾਸਲ ਕੀਤੀ ਪਰ ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਇਹ ਸਿਰਫ਼ ਧੋਖਾਦੇਹੀ ਦਾ ਬਹਾਨਾ ਸੀ।

ਪੰਜਾਬ ਪੁਲਸ ਦੇ ਇਕ ਮਾਮਲੇ ’ਚ ਵਿਰਕ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਦੀ ਨਕਲ ਕਰਨ ਤੇ ਇਕ ਫਿਲਮ ਪ੍ਰਾਜੈਕਟ ਦੀ ਆੜ ’ਚ ਇਕ ਔਰਤ ਨਾਲ 6 ਕਰੋੜ ਰੁਪਏ ਦੀ ਧੋਖਾਦੇਗੀ ਕਰਨ ਦਾ ਦੋਸ਼ ਹੈ। ਘੱਟ ਆਮਦਨ ਹੋਣ ਦੇ ਬਾਵਜੂਦ ਉਸ ਨੇ ਕਥਿਤ ਤੌਰ ’ਤੇ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ। ਸੂਤਰਾਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਵਿਰਕ ਨੇ ਈ. ਡੀ. ਦੇ ਉੱਚ ਅਧਿਕਾਰੀਆਂ ਦੇ ਨਾਂ ਵੀ ਦੱਸੇ ਤੇ ਉਨ੍ਹਾਂ ਲਈ ਕੰਮ ਕਰਨ ਦਾ ਦਾਅਵਾ ਕੀਤਾ।

ਇਸ ਖੁਲਾਸੇ ਨੇ ਸੱਤਾ ਦੇ ਗਲਿਆਰਿਆਂ ਨੂੰ ਹਿਲਾ ਕੇ ਰੱਖ ਦਿੱਤਾ। ਉਸ ਦੀ ਗ੍ਰਿਫਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਈ. ਡੀ. ਨੇ ਹਜ਼ਾਰਾਂ ਕਰੋੜਾਂ ਦੇ ਕਰਜ਼ੇ ਦੀ ਡਾਇਵਰਸ਼ਨ ਦੇ ਸਬੰਧ ’ਚ ਅਨਿਲ ਅੰਬਾਨੀ ਤੇ ਉਸ ਨਾਲ ਜੁੜੀਆਂ ਕੰਪਨੀਆਂ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਰਿਲਾਇੰਸ ਦੇ ਇਕ ਅਹਿਮ ਜਾਣਕਾਰ ਸੇਠੁਰਮਨ ’ਤੇ ਕੁਝ ਦਿਨ ਪਹਿਲਾਂ ਕਥਿਤ ਫੰਡ ਡਾਇਵਰਸ਼ਨ ਦੇ ਦੋਸ਼ਾਂ ਹੇਠ ਛਾਪਾ ਮਾਰਿਆ ਗਿਆ ਸੀ। ਸੇਠੁਰਮਨ ਨਾਲ ਉਸ ਦੀ ਨੇੜਤਾ ਨੇ ਮਾਮਲੇ ਨੂੰ ਹੋਰ ਵਧਾ ਦਿੱਤਾ ਹੈ।

ਅਨਿਲ ਅੰਬਾਨੀ ਕੋਲੋਂ ਪੁੱਛਗਿੱਛ ਦੇ ਨਾਲ ਵਿਰਕ ਦੀ ਗ੍ਰਿਫਤਾਰੀ ਕਦੇ ਸ਼ਕਤੀਸ਼ਾਲੀ ਰਹੇ ਇਸ ਸਾਮਰਾਜ ਲਈ ਇਸ ਤੋਂ ਮਾੜੇ ਸਮੇਂ ’ਤੇ ਨਹੀਂ ਹੋ ਸਕਦੀ ਸੀ। ਸੰਦੀਪਾ ਵਿਰਕ ਇਕ ਇੰਸਟਾਗ੍ਰਾਮ ਸੇਲਿਬ੍ਰਿਟੀ ਤੋਂ ਗੈਂਗਸਟਰ ਬਣਨ ਤੋਂ ਵੀ ਵੱਧ ਹੈ।

ਉਹ ਸਾਨੂੰ ਯਾਦ ਦੁਆਉਂਦੀ ਹੈ ਕਿ ਭਾਰਤ ਦੇ ਕਾਰਪੋਰੇਟ- ਸਿਆਸੀ ਚੱਕਰਵਿਊ ’ਚ ਸੰਪਰਕ ਏਜੰਟ ਕਦੇ ਵੀ ਗਾਇਬ ਨਹੀਂ ਹੁੰਦੇ । ਉਹ ਸਿਰਫ਼ ਲੈਂਡਲਾਈਨ ਨੂੰ ਆਈਫੋਨ ਨਾਲ, ਲਾਬਿੰਗ ਦੀਆਂ ਫਾਈਲਾਂ ਨੂੰ ਡੀ. ਐਮ. ਨਾਲ ਤੇ ਪਾਵਰ ਲੰਚ ਨੂੰ ਇੰਸਟਾ ਲਾਈਵ ਨਾਲ ਬਦਲਦੇ ਰਹਿੰਦੇ ਹਨ।


author

Rakesh

Content Editor

Related News