ਮਲ੍ਹਮ ਲਾਉਣ ਤੋਂ ਲੈ ਕੇ ਸੱਟ ਮਾਰਨ ਤੱਕ : ਵ੍ਹਾਈਟ-ਕਾਲਰ ਕੱਟੜਪੰਥ ਦਾ ਉਭਾਰ

Wednesday, Nov 12, 2025 - 11:09 PM (IST)

ਮਲ੍ਹਮ ਲਾਉਣ ਤੋਂ ਲੈ ਕੇ ਸੱਟ ਮਾਰਨ ਤੱਕ : ਵ੍ਹਾਈਟ-ਕਾਲਰ ਕੱਟੜਪੰਥ ਦਾ ਉਭਾਰ

ਨੈਸ਼ਨਲ ਡੈਸਕ- ਲਾਲ ਕਿਲੇ ਨੇੜੇ ਹੋਇਆ ਧਮਾਕਾ ਜਿਸ ’ਚ 12 ਵਿਅਕਤੀ ਮਾਰੇ ਗਏ ਸਨ ਤੇ ਦਿੱਲੀ ਨੇੜੇ ਲਗਭਗ 3 ਟਨ ਵਿਸਫੋਟਕ ਬਰਾਮਦ ਹੋਏ, ਨੇ ਭਾਰਤ ’ਚ ਅੱਤਵਾਦ ਦੇ ਇਕ ਭਿਆਨਕ ਨਵੇਂ ਚਿਹਰੇ ਵ੍ਹਾਈਟ-ਕਾਲਰ ਕੱਟੜਪੰਥ ਦੇ ਉਭਾਰ ਦਾ ਪਰਦਾਫਾਸ਼ ਕੀਤਾ ਹੈ।

ਜਾਂਚ ਨੇ ਉਨ੍ਹਾਂ ਡਾਕਟਰਾਂ ਤੇ ਪੜ੍ਹੇ-ਲਿਖੇ ਲੋਕਾਂ ਦੇ ਇਕ ਨੈੱਟਵਰਕ ਦਾ ਖੁਲਾਸਾ ਕੀਤਾ ਹੈ ਜੋ ਕਥਿਤ ਤੌਰ ’ਤੇ ਮਲ੍ਹਮ ਲਾਉਣ ਵਾਲਿਆਂ ਤੋਂ ਸੱਟ ਮਾਰਨ ਵਾਲੇ ਭਾਵ ਅਪਰਾਧੀ ਬਣ ਗਏ। ਜਾਂਚ ਦੇ ਕੇਂਦਰ ’ਚ 3 ਕਸ਼ਮੀਰੀ ਡਾਕਟਰ ਹਨ। ਇਨ੍ਹਾਂ ’ਚ ਆਦਿਲ ਅਹਿਮਦ ਰਾਥਰ, ਮੁਜ਼ਮਿਲ ਸ਼ਕੀਲ ਤੇ ਉਮਰ ਮੁਹੰਮਦ ਉੱਤਰ ਪ੍ਰਦੇਸ਼ ਤੇ ਹਰਿਆਣਾ ਤੋਂ ਗ੍ਰਿਫਤਾਰ ਕੀਤੇ ਗਏ ਹਨ।

ਫਰੀਦਾਬਾਦ ਦੀ ਅਲ ਫਲਾਹ ਯੂਨੀਵਰਸਿਟੀ ਦੇ 4 ਡਾਕਟਰਾਂ ਦੀ ਹਿਰਾਸਤ ਤੋਂ ਬਾਅਦ ਹੋਈ ਗ੍ਰਿਫਤਾਰੀ ਇਕ ਵਧ ਰਹੇ ‘ਵ੍ਹਾਈਟ-ਕਾਲਰ ਅੱਤਵਾਦੀ ਨੈੱਟਵਰਕ’ ਵੱਲ ਇਸ਼ਾਰਾ ਕਰਦੀ ਹੈ। ਉਨ੍ਹਾਂ ’ਚ ਕਾਨਪੁਰ ਦੀ ਇਕ ਸਾਬਕਾ ਸਹਾਇਕ ਪ੍ਰੋਫੈਸਰ ਡਾ. ਸ਼ਾਹੀਨ ਵੀ ਸ਼ਾਮਲ ਹੈ ਜਿਸ ਨੂੰ ਪਹਿਲਾਂ ਹੀ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਡਾਕਟਰਾਂ ਨੂੰ ਐਨਕ੍ਰਿਪਟਡ ਮੈਡੀਕਲ ਤੇ ਚੈਟ ਗਰੁੱਪਾਂ ਰਾਹੀਂ ਅਾਨਲਾਈਨ ਕੱਟੜਪੰਥੀ ਬਣਾਇਆ ਗਿਆ ਸੀ ਜੋ ਕੱਟੜਪੰਥੀ ਪ੍ਰਚਾਰ ਨੂੰ ਲੁਕੋ ਰਹੇ ਸਨ।

ਫਾਰੈਂਸਿਕ ਸਬੂਤਾਂ ਨੇ ਲਾਲ ਕਿਲੇ ਨੇੜੇ ਹੋਏ ਧਮਾਕੇ ’ਚ ਵਰਤੇ ਗਏ ਰਸਾਇਣਾਂ ਨੂੰ ਫਰੀਦਾਬਾਦ ’ਚ ਬਰਾਮਦ ਕੀਤੀ ਗਈ ਧਮਾਕਾਖੇਜ਼ ਸਮੱਗਰੀ ਨਾਲ ਜੋੜਿਆ ਹੈ ਜਿਸ ਤੋਂ ਇਨ੍ਹਾਂ ਦੇ ਸਬੰਧਾਂ ਦੀ ਪੁਸ਼ਟੀ ਹੁੰਦੀ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਮਾਡਿਊਲ ਨੂੰ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ) ਦੀ ਹਮਾਇਤ ਹਾਸਲ ਸੀ, ਜੋ ਆਪਣੀ ਰਣਨੀਤੀ ਬਦਲਦੀ ਜਾਪਦੀ ਹੈ।

ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਵੱਡੇ ਪੱਧਰ ’ਤੇ ਕੁਚਲੇ ਜਾਣ ਤੋਂ ਬਾਅਦ ਪਾਕਿਸਤਾਨ ਭਾਰਤ ਦੀ ਮੁੱਖ ਭੂਮੀ ’ਚ ਉਨ੍ਹਾਂ ਪੜ੍ਹੇ-ਲਿਖੇ ਕੱਟੜਪੰਥੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਜੋ ਸ਼ਹਿਰੀ ਹਨ ਤੇ ਪੇਸ਼ੇਵਰ ਵਾਤਾਵਰਣ ’ਚ ਚੁੱਪ-ਚਾਪ ਕੰਮ ਕਰ ਸਕਦੇ ਹਨ। ਅੱਤਵਾਦ ਵਿਰੋਧੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਕੱਟੜਪੰਥ ਦਾ ਨਵਾਂ ਚਿਹਰਾ ਹੈ। ਉਹ ਵਰਦੀ ਨਹੀਂ ਪਹਿਨਦੇ; ਉਹ ਚਿੱਟੇ ਕੋਟ ਪਹਿਨਦੇ ਹਨ।

ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੰਗ ਦਾ ਮੈਦਾਨ ਬਦਲ ਗਿਆ ਹੈ ਜਿੱਥੇ ਪੜ੍ਹੇ-ਲਿਖੇ ਲੋਕਾਂ ਦਾ ਕੱਟੜਪੰਥ ਭਾਰਤ ਦੀ ਅਗਲੀ ਵੱਡੀ ਸੁਰੱਖਿਆ ਚੁਣੌਤੀ ਬਣ ਗਿਆ ਹੈ।


author

Rakesh

Content Editor

Related News