ਕਸ਼ਮੀਰ ’ਚ ਬਰਫ਼ਬਾਰੀ ਨਾਲ ਢਕੇ ਪਹਾੜ, ਜਹਾਜ਼ ਸੇਵਾਵਾਂ ਹੋਈਆਂ ਪ੍ਰਭਾਵਿਤ

Tuesday, Jan 04, 2022 - 06:06 PM (IST)

ਕਸ਼ਮੀਰ ’ਚ ਬਰਫ਼ਬਾਰੀ ਨਾਲ ਢਕੇ ਪਹਾੜ, ਜਹਾਜ਼ ਸੇਵਾਵਾਂ ਹੋਈਆਂ ਪ੍ਰਭਾਵਿਤ

ਸ਼੍ਰੀਨਗਰ (ਭਾਸ਼ਾ)— ਕਸ਼ਮੀਰ ਵਿਚ ਮੰਗਲਵਾਰ ਨੂੰ ਬਰਫ਼ਬਾਰੀ ਹੋਣ ਕਾਰਨ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਸੜਕਾਂ ’ਤੇ ਵੀ ਬਰਫ ਹਟਾਉਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਤੋਂ ਘਾਟੀ ਦੇ ਉੱਚਾਈ ਵਾਲੇ ਖੇਤਰਾਂ ਵਿਚ ਰੁੱਕ-ਰੁੱਕ ਕੇ ਬਰਫ਼ਬਾਰੀ ਹੋ ਰਹੀ ਹੈ। ਉੱਥੇ ਹੀ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿਚ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫ਼ਬਾਰੀ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਕਸ਼ਮੀਰ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋਈਆਂ। 

ਭਾਰਤੀ ਹਵਾਈ ਅੱਡਾ ਅਥਾਰਟੀ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜੇ ਤੱਕ 16 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਮੌਸਮ ’ਚ ਸੁਧਾਰ ਹੋਣ ’ਤੇ ਜਹਾਜ਼ ਸੇਵਾਵਾਂ ਬਹਾਲ ਹੋਣ ਦੀ ਸੰਭਾਵਨਾ ਹੈ। ਬਰਫ਼ਬਾਰੀ ਕਾਰਨ ਘਾਟੀ ਵਿਚ ਰਾਤ ਦੇ ਤਾਪਮਾਨ ’ਚ ਵਾਧਾ ਦਰਜ ਕੀਤਾ ਗਿਆ। ਗੁਲਮਰਗ ’ਚ ਘੱਟ ਤੋਂ ਘੱਟ ਤਾਪਮਾਨ 0 ਤੋਂ ਹੇਠਾਂ 5.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਉਸ ਤੋਂ ਇਕ ਦਿਨ ਪਹਿਲਾਂ ਰਾਤ ਨੂੰ ਇੱਥੇ ਤਾਪਮਾਨ 0 ਤੋਂ ਹੇਠਾਂ 5.8 ਡਿਗਰੀ ਸੈਲਸੀਅਸ ਸੀ। 

ਦੱਸ ਦੇਈਏ ਕਿ ਕਸ਼ਮੀਰ ’ਚ 40 ਦਿਨ ਦਾ ‘ਚਿਲਈ ਕਲਾਂ’ ਦਾ ਦੌਰ 21 ਦਸੰਬਰ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਖੇਤਰ ਵਿਚ ਕੜਾਕੇ ਦੀ ਠੰਡ ਪੈਂਦੀ ਹੈ ਅਤੇ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਜਾਂਦੀ ਹੈ, ਜਿਸ ਨਾਲ ਇੱਥੇ ਪ੍ਰਸਿੱਧ ਡਲ ਝੀਲ ਦੇ ਨਾਲ-ਨਾਲ ਘਾਟੀ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਸਪਲਾਈ ਲਾਈਨਾਂ ਸਮੇਤ ਤਲਾਬ ਜੰਮ ਜਾਂਦੇ ਹਨ। ਇਸ ਦੌਰਾਨ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਵੀ ਸਭ ਤੋਂ ਵੱਧ ਰਹਿੰਦੀ ਹੈ। ਖ਼ਾਸ ਕਰ ਕੇ ਉੱਚਾਈ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਹੁੰਦੀ ਹੈ।


author

Tanu

Content Editor

Related News