ਮੁਫ਼ਤ ਯਾਤਰਾ ਯੋਜਨਾ ''ਤੇ ਔਰਤਾਂ ਦੀ ਰਾਏ ਜਾਣਨ ਲਈ ਕੇਜਰੀਵਾਲ ਨੇ ਕੀਤਾ ਬੱਸ ਦਾ ਸਫ਼ਰ
Wednesday, Oct 30, 2019 - 03:28 PM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਜਨਤਕ ਬੱਸਾਂ ਦਾ ਸਫ਼ਰ ਕੀਤਾ ਤਾਂ ਕਿ ਉਹ ਰਾਜ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਯਾਤਰਾ ਯੋਜਨਾ 'ਤੇ ਮਹਿਲਾ ਯਾਤਰੀਆਂ ਦੀ ਰਾਏ ਜਾਣ ਸਕਣ। ਦਿੱਲੀ ਟਰਾਂਸਪੋਰਟ ਨਿਗਮ (ਡੀ.ਟੀ.ਸੀ.) ਵਲੋਂ ਬੁੱਧਵਾਰ ਨੂੰ ਜਾਰੀ ਅਧਿਕਾਰਤ ਅੰਕੜਿਆਂ ਅਨੁਸਾਰ ਯੋਜਨਾ ਲਾਗੂ ਹੋਣ ਦੇ ਪਹਿਲੇ ਦਿਨ ਮੰਗਲਵਾਰ ਨੂੰ 4.77 ਲੱਖ ਤੋਂ ਵਧ ਔਰਤਾਂ ਨੇ ਮੁਫ਼ਤ ਯਾਤਰਾ ਲਈ ਗੁਲਾਬੀ ਟਿਕਟ ਲਿਆ। ਕੇਜਰੀਵਾਲ ਨੇ ਇਕ ਟਵੀਟ ਦੇ ਜਵਾਬ 'ਚ ਕਿਹਾ,''ਔਰਤਾਂ ਤੋਂ ਸਿੱਧੇ ਰਾਏ ਜਾਣਨ ਲਈ ਮੈਂ ਹਾਲੇ ਕੁਝ ਬੱਸਾਂ ਦਾ ਸਫ਼ਰ ਕੀਤਾ। ਵਿਦਿਆਰਥਣਾਂ, ਕੰਮਕਾਜੀ ਔ੍ਰਤਾਂ, ਖਰੀਦਾਰੀ ਕਰਨ ਜਾ ਰਹੀਆਂ ਔਰਤਾਂ ਤੋਂ ਇਲਾਵਾ ਮੈਂ ਨਿਯਮਿਤ ਰੂਪ ਨਾਲ ਡਾਕਟਰਾਂ ਕੋਲ ਜਾਣ ਵਾਲਾਂ ਨਾਲ ਗੱਲ ਕੀਤੀ। ਉਹ ਵੀ ਬਹੁਤ ਖੁਸ਼ ਸਨ।''
ਇਕ ਹੋਰ ਟਵੀਟ 'ਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵਲੋਂ ਤਾਇਨਾਤ ਕੀਤੇ ਗਏ ਬੱਸ ਮਾਰਸ਼ਲ ਦੀ ਮੌਜੂਦਗੀ ਨਾਲ ਮਹਿਲਾ ਯਾਤਰੀ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ ਅਤੇ ਛੇੜਛਾੜ ਕਰਨ ਵਾਲਿਆਂ 'ਚ ਡਰ ਹੈ। ਕਰੀਬ 5600 ਡੀ.ਟੀ.ਸੀ. ਅਤੇ ਕਲਸਟਰ ਬੱਸਾਂ 'ਚ ਮਹਿਲਾ ਯਾਤਰੀ ਮੁਫ਼ਤ ਕਰ ਸਕਦੀਆਂ ਹਨ। ਇਸ ਦੇ ਅਧੀਨ ਉਨ੍ਹਾਂ ਨੂੰ 10 ਰੁਪਏ ਮੁੱਲ ਦਾ ਇਕ ਗੁਲਾਬੀ ਟਿਕਟ ਦਿੱਤਾ ਜਾਵੇਗਾ। ਸਰਾਕਰ ਨੇ ਇਸ ਯੋਜਨਾ ਨੂੰ ਲਾਗੂ ਕਰਨ ਲਈ 140 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਡੀ.ਟੀ.ਸੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਕੁੱਲ 13.65 ਲੱਖ ਟਿਕਟ ਦਿੱਤੇ ਗਏ, ਜਿਨ੍ਹਾਂ 'ਚੋਂ 4.77 ਲੱਖ ਗੁਲਾਬੀ ਟਿਕਟ ਮਹਿਲਾ ਯਾਤਰੀਆਂ ਨੂੰ ਦਿੱਤੇ ਗਏ, ਜੋ ਕੁੱਲ ਯਾਤਰੀਆਂ ਦਾ 34.94 ਫੀਸਦੀ ਹੈ।