ਸ਼ੋਪੀਆਂ ਮੁਕਾਬਲੇ ’ਚ ਲਸ਼ਕਰ ਦੇ 4 ਅੱਤਵਾਦੀ ਢੇਰ, ਮੌਕੇ ''ਤੇ ਜਾਂਦੇ ਸਮੇਂ ਹਾਦਸੇ ''ਚ ਤਿੰਨ ਫ਼ੌਜੀਆਂ ਦੀ ਮੌਤ
Friday, Apr 15, 2022 - 10:35 AM (IST)
ਸ਼੍ਰੀਨਗਰ (ਭਾਸ਼ਾ)- ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਵੀਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਮਾਰੇ ਗਏ, ਜਦੋਂ ਕਿ ਮੁਕਾਬਲੇ ਵਾਲੀ ਥਾਂ ’ਤੇ ਜਾਂਦੇ ਸਮੇਂ ਇਕ ਸੜਕ ਹਾਦਸੇ 'ਚ ਫ਼ੌਜ ਦੇ ਤਿੰਨ ਜਵਾਨ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ੋਪੀਆਂ ਦੇ ਜ਼ੈਨਪੋਰਾ ਖੇਤਰ ਦੇ ਬਡੀਗਾਮ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਫ਼ੋਰਸਾਂ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਤਲਾਸ਼ੀ ਮੁਹਿੰਮ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ 'ਚ 4 ਅੱਤਵਾਦੀ ਮਾਰੇ ਗਏ। ਅਧਿਕਾਰੀ ਨੇ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਆਕਿਬ ਫਾਰੂਕ ਠੋਕਰ ਅਤੇ ਵਸੀਮ ਅਹਿਮਦ ਠੋਕਰ, ਜੈਨਾਪੋਰਾ ਦੇ ਹੇਫਖੁਰੀ ਦੇ ਵਾਸੀ ਅਤੇ ਫਾਰੂਕ ਅਹਿਮਦ ਭੱਟ ਅਤੇ ਸ਼ੋਕੀਨ ਅਹਿਮਦ ਮੀਰ, ਸੁਗਨ ਨਿਵਾਸੀ ਵਜੋਂ ਕੀਤੀ ਹੈ। ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਮਾਰੇ ਗਏ ਅੱਤਵਾਦੀ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਮੈਂਬਰ ਸਨ। ਉਨ੍ਹਾਂ ਨੇ ਟਵੀਟ ਕੀਤਾ,''ਅੱਜ ਮੁਕਾਬਲੇ 'ਚ ਮਾਰੇ ਗਏ ਲਸ਼ਕਰ ਦੇ ਅੱਤਵਾਦੀ ਪੁਲਵਾਮਾ ਦੇ ਸ਼ੋਪੀਆਂ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸਰਗਰਮ ਸਨ। ਉਹ ਸੂਬੇ ਤੋਂ ਬਾਹਰਲੇ ਮਜ਼ਦੂਰਾਂ 'ਤੇ ਹਮਲੇ ਸਮੇਤ ਛੇ ਅੱਤਵਾਦੀ ਘਟਨਾਵਾਂ 'ਚ ਸ਼ਾਮਲ ਸੀ।
ਪੁਲਵਾਮਾ ਦੇ ਏਜਾਜ਼ ਸਮੇਤ ਉਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਜਲਦ ਫੜਿਆ ਜਾਵੇਗਾ।'' ਇਸ ਵਿਚ ਸ਼੍ਰੀਨਗਰ 'ਚ ਰੱਖਿਆ ਬੁਲਾਰੇ ਕਰਨਲ ਇਮਰੋਨ ਮੁਸਾਵੀ ਨੇ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ਜਾਂਦੇ ਸਮੇਂ ਫ਼ੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋਣ ਨਾਲ ਉਸ 'ਚ ਸਵਾਲ ਤਿੰਨ ਜਵਾਨਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ,''ਗਿੱਲੀ ਸੜਕ ਹੋਣ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆਚ ਹੋ ਗਿਆ ਅਤੇ ਗੱਡੀ ਸੜਕ ਤੋਂ ਫਿਸਲ ਗਈ। 8 ਜ਼ਖ਼ਮੀ ਜਵਾਨਾਂ ਨੂੰ ਜ਼ਿਲ੍ਹਾ ਹਸਪਤਾਲ ਸ਼ੋਪੀਆਂ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ 2 ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਕਰਨਲ ਮੁਸਾਵੀ ਨੇ ਕਿਹਾ,''ਇਕ ਫ਼ੌਜੀ ਨੂੰ ਮਾਮੂਲੀ ਸੱਟ ਲੱਗੀ ਅਤੇ ਉਸ ਨੂੰ ਜ਼ਿਲ੍ਹਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। 5 ਹੋਰ ਜ਼ਖ਼ਮੀਆਂ ਨੂੰ 92 ਬੇਸ ਹਸਪਤਾਲ, ਸ਼੍ਰੀਨਗਰ ਭੇਜਿਆ ਗਿਆ, ਜਿੱਥੇ ਇਕ ਹੋਰ ਜਵਾਨ ਦੀ ਮੌਤ ਹੋ ਗਈ। 4 ਫ਼ੌਜੀ ਇਸ ਸਮੇਂ 92 ਬੇਸ ਹਸਪਤਾਲ 'ਚ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।'' ਅਧਿਕਾਰੀਆਂ ਨੇ ਪੁਲਸ ਰਿਕਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਾਰੇ ਗਏ ਅੱਤਵਾਦੀ ਕਈ ਅੱਤਵਾਦੀਆਂ ਘਟਨਾਵਾਂ 'ਚ ਸ਼ਾਮਲ ਸਮੂਹਾਂ ਦਾ ਹਿੱਸਾ ਸਨ, ਜਿਨ੍ਹਾਂ 'ਚ ਪੁਲਸ ਅਤੇ ਸੁਰੱਖਿਆ ਫ਼ੋਰਸਾਂ 'ਤੇ ਹਮਲੇ ਅਤੇ ਆਮ ਨਾਗਰਿਕਾਂ 'ਤੇ ਅੱਤਿਆਚਾਰ ਸ਼ਾਮਲ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ