ਪੱਛਮੀ ਬੰਗਾਲ 'ਚ 2 ਬੱਚਿਆਂ ਸਮੇਤ ਪਰਿਵਾਰ ਦੇ ਚਾਰ ਲੋਕਾਂ ਦੀਆਂ ਮਿਲੀਆਂ ਲਾਸ਼ਾਂ
03/19/2023 5:10:07 PM

ਦੁਰਗਾਪੁਰ (ਭਾਸ਼ਾ)- ਪੱਛਮੀ ਬੰਗਾਲ ਦੇ ਦੁਰਗਾਪੁਰ 'ਚ ਐਤਵਾਰ ਸਵੇਰੇ 40 ਸਾਲਾ ਇਕ ਵਿਅਕਤੀ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਮ੍ਰਿਤਕ ਪਾਇਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਦੁਰਗਾਪੁਰ ਥਾਣਾ ਖੇਤਰ ਦੇ ਕੁਰੀਲਿਆਡਾਂਗਾ ਸਥਿਤ ਇਕ ਘਰ 'ਚ ਚਾਰ ਲਾਸ਼ਾਂ ਮਿਲੀਆਂ। ਪੁਲਸ ਅਨੁਸਾਰ, ਵਿਅਕਤੀ ਦੀ ਲਾਸ਼ ਛੱਤ ਨਾਲ ਲਟਕੀ ਹੋਈ ਸੀ, ਜਦੋਂ ਕਿ ਉਸ ਦੀ 35 ਸਾਲਾ ਪਤਨੀ ਅਤੇ 2 ਬੱਚਿਆਂ ਦੀਆਂ ਲਾਸ਼ਾਂ ਬਿਸਤਰ 'ਤੇ ਪਈਆਂ ਮਿਲੀਆਂ।
ਉਨ੍ਹਾਂ ਦੱਸਿਆ ਕਿ ਕਮਰਾ ਅੰਦਰੋਂ ਬੰਦ ਸੀ। ਪੁਲਸ ਅਨੁਸਾਰ ਮ੍ਰਿਤਕ ਜੋੜੇ ਦੀ ਧੀ 2 ਸਾਲ ਅਤੇ ਪੁੱਤ 10 ਸਾਲ ਦਾ ਸੀ। ਉੱਥੇ ਹੀ ਵਿਅਕਤੀ ਦੇ ਗੁਆਂਢੀ ਨੇ ਦੱਸਿਆ ਕਿ ਜਾਇਦਾਦ ਵਿਵਾਦ ਨੂੰ ਲੈ ਕੇ ਉਹ ਆਪਣੇ ਰਿਸ਼ਤੇਦਾਰਾਂ ਦੇ ਦਬਾਅ 'ਚ ਸੀ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਵਿਅਕਤੀ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ 2 ਬੱਚਿਆਂ ਦਾ ਕਤਲ ਕਰ ਦਿੱਤਾ। ਉੱਥੇ ਹੀ ਸਥਾਨਕ ਲੋਕਾਂ ਨੇ ਖ਼ੁਦਕੁਸ਼ੀ ਅਤੇ ਕਤਲ ਵਰਗੇ ਕਦਮ ਉਠਾਉਣ ਲਈ ਮਜ਼ਬੂਰ ਕਰਨ ਵਾਲੇ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਅਤੇ ਲਾਸ਼ਾਂ ਪੋਸਟਮਾਰਟਮ ਲਈ ਜਾਣ ਤੋਂ ਰੋਕੀਆਂ। ਹਾਲਾਂਕਿ ਪੁਲਸ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ ਦਿੱਤੇ ਜਾਣ 'ਤੇ ਉਹ ਸ਼ਾਂਤ ਹੋਏ। ਪੁਲਸ ਨੇ ਦੱਸਿਆ ਕਿ ਘਟਨਾ ਦੇ ਸੰਬੰਧ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।