ਸੜਕ ਹਾਦਸੇ ''ਚ ਨਵੇਂ-ਵਿਆਹੇ ਜੋੜੇ ਸਮੇਤ 4 ਦੀ ਮੌਤ
Sunday, Dec 15, 2024 - 10:47 AM (IST)
ਪਥਨਮਥਿੱਟਾ- ਐਤਵਾਰ ਸਵੇਰੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਨਾਲ ਕਾਰ ਦੀ ਭਿਆਨਕ ਟੱਕਰ ਹੋ ਗਈ, ਜਿਸ ਕਾਰਨ ਕਾਰ 'ਚ ਸਵਾਰ ਨਵੇਂ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ। ਇਹ ਘਟਨਾ ਕੇਰਲ ਦੇ ਪਥਨਮਥਿੱਟਾ ਜ਼ਿਲ੍ਹੇ ਦੀ ਹੈ। ਪੁਲਸ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 5 ਵਜੇ ਪੁਨਾਲੂਰ-ਮੁਵਤੂਪੁਝਾ ਹਾਈਵੇਅ 'ਤੇ ਵਾਪਰਿਆ। ਸਥਾਨਕ ਲੋਕਾਂ ਮੁਤਾਬਕ ਨੁਕਸਾਨੀ ਗਈ ਗੱਡੀ 'ਚੋਂ ਸਵਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਤਿੰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਬੱਸ ਨਾਲ ਟੱਕਰ ਹੋ ਗਈ। ਬੱਸ ਤੇਲੰਗਾਨਾ ਤੋਂ ਸਬਰੀਮਾਲਾ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਸੀ ਅਤੇ ਬੱਸ ਵਿਚ ਸਵਾਰ ਕਿਸੇ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਪਿਛਲੇ ਮਹੀਨੇ ਵਿਆਹ ਕਰਵਾਉਣ ਵਾਲਾ ਨਵਾਂ ਵਿਆਹਿਆ ਜੋੜਾ ਮਲੇਸ਼ੀਆ 'ਚ ਹਨੀਮੂਨ ਮਨਾ ਕੇ ਘਰ ਪਰਤ ਰਿਹਾ ਸੀ। ਪੁਲਸ ਨੇ ਦੱਸਿਆ ਕਿ ਹਾਦਸਾ ਪੀੜਤਾਂ ਦੇ ਘਰ ਤੋਂ ਮਹਿਜ਼ 10 ਕਿਲੋਮੀਟਰ ਦੂਰ ਵਾਪਰਿਆ। ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।