ਕਸ਼ਮੀਰ ''ਚ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ''ਚ 4 ਮਕਾਨ ਕੁਰਕ
Monday, Feb 27, 2023 - 05:33 PM (IST)
ਸ਼੍ਰੀਨਗਰ (ਭਾਸ਼ਾ)- ਵਿਸ਼ੇਸ਼ ਜਾਂਚ ਇਕਾਈ (ਐੱਸ.ਆਈ.ਯੂ.-2) ਸ਼੍ਰੀਨਗਰ ਨੇ ਸੋਮਵਾਰ ਨੂੰ ਚਾਰ ਮਕਾਨਾਂ ਨੂੰ ਕੁਰਕ ਕੀਤਾ, ਜਿਨ੍ਹਾਂ 'ਚ ਅੱਤਵਾਦੀ ਲੁਕੇ ਹੋਏ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਸ.ਆਈ.ਯੂ. ਦੇ ਅਧਿਕਾਰੀਆਂ ਨੇ ਜਿਹੜੇ ਚਾਰ ਮਕਾਨਾਂ ਨੂੰ ਕੁਰਕ ਕੀਤਾ ਹੈ, ਉਨ੍ਹਾਂ 'ਚੋਂ ਤਿੰਨ ਸ਼੍ਰੀਨਗਰ ਦੇ ਬਰਥਾਨਾ ਇਲਾਕੇ 'ਚ ਸਥਿਤ ਹਨ, ਜਦੋਂ ਕਿ ਚੌਥਾ ਸ਼ਹਿਰ ਦੇ ਸੰਗਮ-ਈਦਗਾਹ ਇਲਾਕੇ 'ਚ ਹੈ। ਅਧਿਕਾਰੀਆਂ ਨੇ ਕਿਹਾ,''ਗੈਰ-ਕਾਨੂੰਨੀ ਗਤੀਵਿਧੀ ਰੋਕਥਾਮ ਐਕਟ (ਯੂ.ਏ.(ਪੀ) ਦੀ ਧਾਰਾ 25,2 (ਜੀ)(ii) ਨਾਲ ਪਠਿਤ ਦੇ ਅਧੀਨ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੁਰਕੀ ਆਦੇਸ਼ ਜਾਰੀ ਕੀਤੇ ਗਏ ਸਨ।''
ਸ਼੍ਰੀਨਗਰ 'ਚ ਰਿਹਾਇਸ਼ੀ ਮਕਾਨ ਸ਼ਾਹੀਨਾ/ਆਸਿਫ਼ ਨਾਥ, ਅਲਤਾਫ਼ ਅਹਿਮਦ ਡਾਰ ਅਤੇ ਮੁਦਾਸਿਰ ਅਹਿਮਦ ਮੀਰ ਦੇ ਹਨ। ਸੰਗਮ-ਈਦਗਾਹ ਸਥਿਤ ਮਕਾਨ ਅਬਦੁੱਲ ਰਹਿਮਾਨ ਭੱਟ ਦਾ ਹੈ। ਉਨ੍ਹਾਂ ਕਿਹਾ,''ਐੱਸ.ਆਈ.ਯੂ. ਟੀਮ ਨੇ ਨਿਰਦੇਸ਼ ਦਿੱਤਾ ਹੈ ਕਿ ਨਾਮਜ਼ਦ ਅਥਾਰਟੀ ਦੀ ਮਨਜ਼ੂਰੀ ਤੋਂ ਬਿਨਾਂ ਕੁਰਕ ਕੀਤੀਆਂ ਗਈਆਂ ਜਾਇਦਾਦਾਂ ਵਿਚ ਕੋਈ ਤਬਦੀਲੀ ਨਹੀਂ ਹੋਣੀ ਚਾਹੀਦੀ।'' ਅੱਤਵਾਦ ਨਾਲ ਸੰਬੰਧਤ ਮਾਮਲੇ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਕਿ ਦਿ ਰੇਜੀਸਟੇਂਸ ਫਰੰਟ (ਟੀਆਰਐੱਫ)/ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਸੰਗਠਨ ਦੇ ਸਰਗਰਮ ਅੱਤਵਾਦੀਆਂ ਨੂੰ ਲੁਕਾਉਣ ਅਤੇ ਹੋਰ ਮਦਦ ਪ੍ਰਦਾਨ ਕਰਨ 'ਚ ਇਕ ਮਾਡਿਊਲ ਸ਼ਾਮਲ ਪਾਇਆ ਗਿਆ, ਜਿਸ ਦੇ ਨਤੀਜੇ ਵਜੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋਈ। ਅਧਿਕਾਰੀਆਂ ਨੇ ਕਿਹਾ,''ਜਾਂਚ ਦੌਰਾਨ ਇਹ ਵੀ ਪਾਇਆ ਗਿਆ ਹੈ ਕਿ ਅੱਤਵਾਦੀਆਂ ਨੂੰ ਉਕਤ ਮਕਾਨਾਂ 'ਚ ਪਨਾਹ ਦਿੱਤੀ ਗਈ ਸੀ।''