ਅੰਧ ਵਿਸ਼ਵਾਸ ਕਾਰਨ ਚਾਰ ਬੱਚਿਆਂ ਨੂੰ ਗਰਮ ਸਲਾਖਾਂ ਨਾਲ ਦਾਗ਼ਿਆ
Saturday, Apr 22, 2023 - 02:40 PM (IST)
ਝਾਬੁਆ (ਵਾਰਤਾ)- ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਝਾਬੁਆ ਜ਼ਿਲ੍ਹੇ 'ਚ ਚਾਰ ਮਾਸੂਮ ਬੱਚਿਆਂ ਨੂੰ ਅੰਧਵਿਸ਼ਵਾਸ ਕਾਰਨ ਗਰਮ ਸਲਾਖਾਂ ਨਾਲ ਤਾਂਤਰਿਕ ਵਲੋਂ ਦਾਗ਼ੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਲਗਭਗ 20 ਦਿਨ ਪੁਰਾਣਾ ਹੈ। ਸੂਤਰਾਂ ਅਨੁਸਾਰ ਪਿੰਡ ਪਿਲਯਾਖਦਾਨ ਦੇ 7 ਮਹੀਨੇ ਦੇ ਬੱਚੇ ਅਜੇ, ਪਿੰਡ ਹਡੁਮਤੀਆਂ ਦੀ 2 ਸਾਲ ਦੀ ਮੇਸਰਾ, ਪਿੰਡ ਸਮੋਈ ਦੀ 6 ਮਹੀਨੇ ਦੀ ਕ੍ਰਿਸ਼ਨਾ ਅਤੇ ਪਿੰਡ ਖੇਡੀਆ ਪਿਟੋਲ ਦੇ ਰਾਜਵੀਰ ਨੂੰ ਬੀਮਾਰ ਹੋਣ 'ਤੇ ਤਾਂਤਰਿਕ ਵਲੋਂ ਗਰਮ ਸਲਾਖਾਂ ਨਾਲ ਦਾਗ਼ਣ ਕਾਰਨ ਬੱਚੇ ਗੰਭੀਰ ਬੀਮਾਰ ਹੋ ਗਏ।
ਇਸ ਤੋਂ ਬਾਅਦ ਇਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਝਾਬੁਆ ਜ਼ਿਲ੍ਹੇ 'ਚ ਆਦਿਵਾਸੀਆਂ 'ਚ ਬੱਚੇ ਪੈਦਾ ਹੋਣ 'ਤੇ ਉਨ੍ਹਾਂ ਨੂੰ ਗਰਮ ਲੋਹੇ ਦੀ ਕਿਸੇ ਵਸਤੂ ਨਾਲ ਦਾਗ਼ਣ ਦੀ ਕੁਪ੍ਰਥਾ ਹੈ। ਅਜਿਹੀ ਸਥਾਨਕ ਮਾਨਤਾ ਹੈ ਕਿ ਅਜਿਹਾ ਕਰਨ ਨਾਲ ਬੱਚਿਆਂ ਨੂੰ ਬੀਮਾਰੀ ਨਹੀਂ ਹੁੰਦੀ ਹੈ। ਕਈ ਵਾਰ ਅਜਿਹਾ ਕਰਨ 'ਤੇ ਬੱਚਿਆਂ ਦੀ ਜਾਨ 'ਤੇ ਬਣ ਆਉਂਦੀ ਹੈ। ਬੱਚਿਆਂ ਦਾ ਇਲਾਜ ਕਰ ਰਹੇ ਡਾ. ਆਈ.ਐੱਸ. ਚੌਹਾਨ ਨੇ ਦੱਸਿਆ ਕਿ ਅਜਿਹੇ ਮਾਮਲੇ ਹਸਪਤਾਲ 'ਚ ਵੱਡੀ ਗਿਣਤੀ 'ਚ ਆਉਂਦੇ ਹਨ। ਆਦਿਵਾਸੀ ਪਰਿਵਾਰਾਂ ਨੂੰ ਸਮਝਾਉਣ ਤੋਂ ਬਾਅਦ ਵੀ ਉਹ ਮੰਨਦੇ ਨਹੀਂ ਹਨ। ਸਮਾਜ 'ਚ ਇਨ੍ਹਾਂ ਕੁਰੀਤੀਆਂ ਨੂੰ ਖ਼ਤਮ ਕਰਨ ਲਈ ਜਨ ਜਾਗਰਣ ਜ਼ਰੂਰੀ ਹੈ।