ਕਾਂਗਰਸ ਦੀ ਝਾਰਖੰਡ ਇਕਾਈ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਭਾਜਪਾ ''ਚ ਸ਼ਾਮਲ

Monday, Oct 28, 2024 - 12:02 PM (IST)

ਰਾਂਚੀ (ਭਾਸ਼ਾ)- ਕਾਂਗਰਸ ਦੀ ਝਾਰਖੰਡ ਇਕਾਈ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮਾਨਸ ਸਿਨਹਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋ ਗਏ। ਭਾਜਪਾ ਦੀ ਝਾਰਖੰਡ ਇਕਾਈ ਦੇ ਕਾਰਜਕਾਰੀ ਪ੍ਰਧਾਨ ਰਵਿੰਦਰ ਰਾਏ ਅਤੇ ਆਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਪਾਰਟੀ ਹੈੱਡ ਕੁਆਰਟਰ 'ਚ ਇਕ ਸਮਾਰੋਹ ਦੌਰਾਨ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ। ਪਾਰਟੀ 'ਚ ਸ਼ਾਮਲ ਹੋਣ ਤੋਂ ਬਾਅਦ  ਸਿਨਹਾ ਨੇ ਕਿਹਾ,''ਮੈਂ ਪਿਛਲੇ 27 ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ ਅਤੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ ਪਰ ਪਾਰਟੀ 'ਚ ਸਮਰਪਿਤ ਵਰਕਰਾਂ ਦਾ ਕੋਈ ਸਨਮਾਨ ਨਹੀਂ ਰਹਿ ਗਿਆ ਹੈ। ਇਸ ਲਈ ਮੈਂ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ।'' ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਸਾਮ ਦੇ ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ 'ਚ ਉਨ੍ਹਾਂ ਵਰਕਰਾਂ ਦੀ ਕੋਈ ਮਹੱਤਤਾ ਨਹੀਂ ਹੈ, ਜਿਨ੍ਹਾਂ ਨੇ ਪਾਰਟੀ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਨਹਾ ਦੇ ਤਜ਼ਰਬੇ ਨੂੰ ਸੂਬਾ ਪੱਧਰ 'ਤੇ ਪਾਰਟੀ ਨੂੰ ਮਜ਼ਬੂਤ ​​ਕਰਨ ਅਤੇ ਚੋਣਾਂ ਜਿੱਤਣ ਲਈ ਵਰਤਿਆ ਜਾਵੇਗਾ।

ਸ਼ਰਮਾ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ 'ਚ ਚੋਣਾਂ ਲਈ ਟਿਕਟਾਂ ਤਿੰਨ ਮਾਪਦੰਡਾਂ ਦੇ ਆਧਾਰ 'ਤੇ ਦਿੱਤੀਆਂ ਜਾਂਦੀਆਂ ਹਨ। ਪਹਿਲਾ- ਪਾਰਟੀ ਨੂੰ ਪੈਸੇ ਦੀ ਪੇਸ਼ਕਸ਼, ਦੂਜਾ- ਵਿਧਾਇਕ, ਸੰਸਦ ਮੈਂਬਰ ਜਾਂ ਮੰਤਰੀ ਦੇ ਵੱਕਾਰੀ ਪਰਿਵਾਰਾਂ ਨਾਲ ਜੁੜਿਆ ਹੋਣਾ ਅਤੇ ਤੀਜਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਅਪਸ਼ਬਦ ਕਹਿਣਾ। ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਵੱਲੋਂ ਝਾਰਖੰਡ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਨੂੰ ਹਟਾਉਣ ਦੀ ਮੰਗ ਦੇ ਸਵਾਲ 'ਤੇ ਸ਼ਰਮਾ ਨੇ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਸੱਤਾਧਾਰੀ ਪਾਰਟੀ ਕਿਸੇ ਅਧਿਕਾਰੀ ਨੂੰ ਹਟਾਉਣ ਦੀ ਮੰਗ ਕਰ ਰਹੀ ਹੈ। ਸ਼ਰਮਾ ਨੇ ਕਿਹਾ,“ਇਹ ਅਧਿਕਾਰੀ ਸੱਤਾਧਾਰੀ ਸਰਕਾਰ ਦੁਆਰਾ ਨਿਯੁਕਤ ਕੀਤਾ ਗਿਆ ਹੈ। ਹੁਣ ਉਹ (ਜੇਐੱਮਐੱਮ) ਉਸ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਦਰਅਸਲ, ਉਹ ਚਾਹੁੰਦੇ ਸਨ ਕਿ ਅਧਿਕਾਰੀ ਸਿਆਸੀ ਤੌਰ 'ਤੇ ਉਨ੍ਹਾਂ ਦੀ ਮਦਦ ਕਰਨ ਪਰ ਅਜਿਹਾ ਨਹੀਂ ਹੋ ਸਕਿਆ।'' ਝਾਰਖੰਡ 'ਚ ਸੱਤਾਧਾਰੀ ਜੇਐੱਮਐੱਮ ਨੇ ਐਤਵਾਰ ਨੂੰ ਚੋਣ ਕਮਿਸ਼ਨ ਨੂੰ ਇਕ ਪੱਤਰ ਲਿਖ ਕੇ ਮੁੱਖ ਚੋਣ ਅਧਿਕਾਰੀ ਕੇ ਰਵੀ ਕੁਮਾਰ ਅਤੇ 2 ਸੀਨੀਅਰ ਭਾਰਤੀ ਪੁਲਸ ਸੇਵਾ (ਆਈਪੀਐੱਸ) ਨੂੰ ਹਟਾਉਣ ਦੀ ਮੰਗ ਕੀਤੀ ਅਤੇ ਦੋਸ਼ ਲਗਾਇਆ ਕਿ ਉਹ ਭਾਜਪਾ ਦੇ ਪੱਖ 'ਚ ਕੰਮ ਕਰ ਰਹੇ ਹਨ। ਝਾਰਖੰਡ 'ਚ 81 ਮੈਂਬਰੀ ਵਿਧਾਨ ਸਭਾ ਚੋਣਾਂ ਲਈ 13 ਨਵੰਬਰ ਅਤੇ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News