ਸ਼ਰਾਬ ਘਪਲਾ ਮਾਮਲਾ : ਈ. ਡੀ. ਨੇ ਸਾਬਕਾ ਸੰਸਦ ਮੈਂਬਰ ਵਿਜੇ ਸਾਈਂ ਕੋਲੋਂ ਕੀਤੀ ਪੁੱਛਗਿੱਛ
Thursday, Jan 22, 2026 - 09:58 PM (IST)
ਹੈਦਰਾਬਾਦ, (ਭਾਸ਼ਾ)- ਯੁਵਾਜਨ ਸ਼੍ਰਮਿਕਾ ਰਾਇਥੂ ਕਾਂਗਰਸ ਪਾਰਟੀ (ਵਾਈ. ਐੱਸ. ਆਰ. ਸੀ. ਪੀ.) ਦੇ ਸਾਬਕਾ ਸੰਸਦ ਮੈਂਬਰ ਵਿਜੇ ਸਾਈਂ ਰੈੱਡੀ ਵੀਰਵਾਰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਸਾਹਮਣੇ ਵਾਈ. ਐੱਸ. ਆਰ. ਸੀ. ਪੀ. ਦੀ ਸਾਬਕਾ ਸਰਕਾਰ ਦੌਰਾਨ ਆਂਧਰਾ ਪ੍ਰਦੇਸ਼ ’ਚ 3500 ਕਰੋੜ ਦੇ ਹੋਏ ਕਥਿਤ ਸ਼ਰਾਬ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ’ਚ ਪੁੱਛਗਿੱਛ ਲਈ ਪੇਸ਼ ਹੋਏ।
ਰੈੱਡੀ ਨੂੰ ਈ. ਡੀ. ਦੇ ਖੇਤਰੀ ਦਫ਼ਤਰ ’ਚ ਪੇਸ਼ ਹੋਣ ਲਈ ਕਿਹਾ ਗਿਆ ਸੀ ਜਿੱਥੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ। ਰੈੱਡੀ ਆਂਧਰਾ ਪ੍ਰਦੇਸ਼ ਵਿਸ਼ੇਸ਼ ਜਾਂਚ ਟੀਮ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਮੁਲਜ਼ਮ ਹਨ। ਇਸ ’ਚ ਦੋਸ਼ ਲਾਇਆ ਗਿਆ ਹੈ ਕਿ ਕਾਰੋਬਾਰ ਤੋਂ ਗੈਰ-ਕਾਨੂੰਨੀ ਪੈਸਾ ਉਨ੍ਹਾਂ ਰਾਹੀਂ ਸਾਬਕਾ ਮੁੱਖ ਮੰਤਰੀ ਵਾਈ. ਐੱਸ. ਜਗਨਮੋਹਨ ਰੈੱਡੀ ਨੂੰ ਟ੍ਰਾਂਸਫਰ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਮਾਮਲਾ ਸਿਅਾਸੀ ਸਾਜ਼ਿਸ਼ ਦਾ ਨਤੀਜਾ ਹੈ।
