ਸਾਬਕਾ ਵਿਧਾਇਕ ਦੇ ਭਰਾ-ਭਤੀਜਿਆਂ ਨਾਲ ਕੁੱਟਮਾਰ, ਮਾਮਲਾ ਦਰਜ
Wednesday, Jul 09, 2025 - 02:47 PM (IST)

ਕੌਸ਼ਾਂਬੀ- ਕਾਰ ਕੱਢਣ ਨੂੰ ਲੈ ਕੇ ਹੋਏ ਵਿਵਾਦ 'ਚ ਜ਼ਿਲ੍ਹੇ ਦੀ ਚਾਇਲ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸੰਜੇ ਗੁਪਤਾ ਦੇ ਵੱਡੇ ਭਰਾ, 2 ਭਤੀਜੇ ਅਤੇ ਇਕ ਕੌਂਸਲਰ ਨਾਲ ਲਗਜ਼ਰੀ ਕਾਰ 'ਚ ਸਵਾਰ 10-15 ਲੋਕਾਂ ਨੇ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੇ ਮੋਬਾਇਲ ਫੋਨ ਖੋਹ ਕੇ ਤੋੜ ਦਿੱਤੇ। ਪੁਲਸ ਨੇ ਇਸ ਮਾਮਲੇ 'ਚ 2 ਨਾਮਜ਼ਦ ਅਤੇ 12 ਅਣਪਛਾਤੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਸ ਸੁਪਰਡੈਂਟ ਰਾਜੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਖਰਾਜ ਥਾਣਾ ਖੇਤਰ ਦੀ ਭਰਵਾਰੀ ਨਗਰ ਪਾਲਿਕਾ ਪ੍ਰੀਸ਼ਦ ਦੇ ਕੌਂਸਲਰ ਸੂਰਜਭਾਨ ਸਿੰਘ ਯਾਦਵ ਨੇ ਸ਼ਿਕਾਇਤ ਦਿੱਤੀ ਹੈ ਕਿ ਬੀਤੀ ਸ਼ਾਮ ਸਾਬਕਾ ਵਿਧਾਇਕ ਦੇ ਵੱਡੇ ਭਰਾ ਸੁਭਾਸ਼ ਗੁਪਤਾ ਦੇ ਬੇਟੇ ਬਸੂ ਅਤੇ ਪ੍ਰਾਂਸ਼ੂ ਕਾਰ 'ਤੇ ਮੂਰਤਗੰਜ ਜਾ ਰਹੇ ਸਨ। ਸ਼ਿਕਾਇਤ ਅਨੁਸਾਰ, ਰਸਤੇ 'ਚ ਪਰਸਰਾ ਚੌਰਾਹੇ ਕੋਲ ਨਿਰਮਾਣ ਅਧੀਨ ਫਲਾਈਓਵਰ ਨੇੜੇ ਸਿੰਗਲ ਸੜਕ 'ਤੇ ਕਾਰ ਕੱਢਣ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਕ ਕਾਰ ਸਵਾਰ ਲੋਕਾਂ ਨੇ ਬਸੂ ਅਤੇ ਪ੍ਰਾਂਸ਼ੂ ਨੂੰ ਗਾਲ੍ਹਾਂ ਕੱਢੀਆਂ ਅਤੇ ਕੁੱਟਮਾਰ ਕੀਤੀ।
ਉਨ੍ਹਾਂ ਅਨੁਸਾਰ, ਸ਼ਿਕਾਇਤ 'ਚ ਅੱਗੇ ਕਿਹਾ ਗਿਆ ਹੈ ਕਿ ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ, ਉਹ (ਸੂਰਜ ਭਾਨ) ਅਤੇ ਸੁਭਾਸ਼ ਗੁਪਤਾ ਕਾਰ ਰਾਹੀਂ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਜਾ ਰਹੇ ਸਨ, ਉਦੋਂ ਰਸਤੇ 'ਚ ਰੋਹੀ ਚੌਰਾਹੇ ਦੇ ਨੇੜੇ, ਉਸੇ ਕਾਰ ਸਵਾਰਾਂ ਅਤੇ ਇਕ ਹੋਰ ਲਗਜ਼ਰੀ ਕਾਰ ਦੇ ਸਵਾਰਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਸ਼ਿਕਾਇਤ 'ਚ ਇਹ ਵੀ ਕਿਹਾ ਗਿਆ ਹੈ ਕਿ ਘਟਨਾ ਦੀ ਵੀਡੀਓ ਬਣਾਉਂਦੇ ਸਮੇਂ, ਉਨ੍ਹਾਂ ਦਾ ਮੋਬਾਈਲ ਫੋਨ ਜ਼ਮੀਨ 'ਤੇ ਪਟਕ ਕੇ ਤੋੜ ਦਿੱਤਾ ਗਿਆ ਅਤੇ ਇਕ ਹੋਰ ਮੋਬਾਈਲ ਖੋਹ ਲਿਆ ਗਿਆ। ਮਿਲੀ ਸ਼ਿਕਾਇਤ ਦੇ ਆਧਾਰ 'ਤੇ, ਪਿੰਡ ਲੌਂਗਾਵਾ ਦੇ ਰਹਿਣ ਵਾਲੇ ਦੀਪ ਨਾਰਾਇਣ ਤ੍ਰਿਪਾਠੀ ਅਤੇ ਸ਼ਾਹਪੁਰ ਥਾਣਾ ਮਹੇਵਾਘਾਟ ਜ਼ਿਲ੍ਹਾ ਕੌਸ਼ਾਂਬੀ ਦੇ ਰਹਿਣ ਵਾਲੇ ਬੇਲ੍ਹਾ ਸਿੰਘ ਅਤੇ 10-12 ਅਣਪਛਾਤੇ ਲੋਕਾਂ ਵਿਰੁੱਧ ਬੀਐੱਨਐੱਸ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਸੁਪਰਡੈਂਟ ਨੇ ਕਿਹਾ ਕਿ ਹਮਲਾਵਰਾਂ ਦੀ ਭਾਲ ਲਈ ਇਕ ਟੀਮ ਬਣਾਈ ਗਈ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8