ਅਦਾਕਾਰ ਨਰਿੰਦਰ ਗੱਖੜ ਖ਼ਿਲਾਫ਼ ਮਾਮਲਾ ਦਰਜ

Saturday, Feb 14, 2026 - 09:31 AM (IST)

ਅਦਾਕਾਰ ਨਰਿੰਦਰ ਗੱਖੜ ਖ਼ਿਲਾਫ਼ ਮਾਮਲਾ ਦਰਜ

ਖਰੜ (ਅਮਰਦੀਪ)- ਉੱਘੇ ਫਿਲਮ ਅਦਾਕਾਰ ਨਰਿੰਦਰ ਗੱਖੜ ’ਤੇ ਆਪਣੀ ਦੂਜੀ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਕੁਰਾਲੀ ਦੀ ਰਹਿਣ ਵਾਲੀ ਪਰਮਜੀਤ ਕੌਰ, ਜੋ ਕਿ ਫਿਲਮ ਇੰਡਸਟਰੀ ’ਚ ਬਤੌਰ ਐਕਟਰ ਤੇ ਡਾਇਰੈਕਟਰ ਕੰਮ ਕਰਦੀ ਹੈ, ਨੇ ਥਾਣਾ ਸਿਟੀ ’ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਅਨੁਸਾਰ ਨਰਿੰਦਰ ਗੱਖੜ ਨੇ ਉਸ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਸ ਦਾ ਆਪਣੀ ਪਹਿਲੀ ਪਤਨੀ ਨਾਲ ਕੋਈ ਸਬੰਧ ਨਹੀਂ ਹੈ, ਜਿਸ ਤੋਂ ਬਾਅਦ ਤਕਰੀਬਨ 9 ਮਹੀਨੇ ਪਹਿਲਾਂ ਦੋਵਾਂ ਨੇ ਮੋਹਾਲੀ ਦੇ ਇਕ ਮੰਦਰ ’ਚ ਵਿਆਹ ਕਰਵਾ ਲਿਆ।

ਵਿਆਹ ਤੋਂ ਬਾਅਦ ਪਰਮਜੀਤ ਨੂੰ ਪਤਾ ਲੱਗਿਆ ਕਿ ਗੱਖੜ ਅਜੇ ਵੀ ਆਪਣੀ ਪਹਿਲੀ ਪਤਨੀ ਦੇ ਸੰਪਰਕ ’ਚ ਹੈ। ਇਸ ਗੱਲ ਨੂੰ ਲੈ ਕੇ ਘਰੇਲੂ ਕਲੇਸ਼ ਵਧ ਗਿਆ ਅਤੇ ਉਸ ਨੂੰ ਗੱਖੜ ਦੇ ਬੱਚਿਆਂ ਵੱਲੋਂ ਵੀ ਧਮਕੀਆਂ ਮਿਲਣ ਲੱਗੀਆਂ। ਪੀੜਤਾ ਨੇ ਦੋਸ਼ ਲਾਇਆ ਕਿ ਨਰਿੰਦਰ ਗੱਖੜ ਉਸ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾਂਦੀ ਰਹੀ।

ਘਟਨਾ ਵਾਲੇ ਦਿਨ, ਖਰੜ-ਕੁਰਾਲੀ ਕੌਮੀ ਮਾਰਗ ’ਤੇ ਗੱਖੜ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਰਮਜੀਤ ਦੀ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਪੁਲਸ ਦੇ ਜਾਂਚ ਅਧਿਕਾਰੀ ਅਨੁਸਾਰ, ਮਾਮਲੇ ਦੀ ਪੂਰੀ ਛਾਣਬੀਣ ਤੋਂ ਬਾਅਦ ਅਦਾਕਾਰ ਖ਼ਿਲਾਫ਼ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਗੱਖੜ ‘ਧੁਰੰਧਰ’, ‘ਡਾਕੂਆਂ ਦਾ ਮੁੰਡਾ 2’ ਅਤੇ ‘ਬਲੈਕੀਆ’ ਵਰਗੀਆਂ ਫਿਲਮਾਂ ’ਚ ਆਪਣੇ ਨਿਭਾਅ ਲਈ ਜਾਣੇ ਜਾਂਦੇ ਹਨ। ਫਿਲਹਾਲ ਜਾਂਚ ਜਾਰੀ ਹੈ।


author

cherry

Content Editor

Related News