ਬਨਾਰਸ ਹਿੰਦੂ ਯੂਨੀਵਰਸਿਟੀ ਦੇ ਹੋਸਟਲ ਦੇ ਬਾਹਰ ਫਾਇਰਿੰਗ, 3 ਵਿਰੁੱਧ ਮਾਮਲਾ ਦਰਜ
Sunday, Feb 22, 2026 - 10:07 PM (IST)
ਵਾਰਾਣਸੀ, (ਭਾਸ਼ਾ)- ਸ਼ਨੀਵਾਰ ਰਾਤ ਬਨਾਰਸ ਹਿੰਦੂ ਯੂਨੀਵਰਸਿਟੀ (ਬੀ.ਐੱਚ.ਯੂ.) ਦੇ ਹੋਸਟਲ ਦੇ ਬਾਹਰ ਫਾਇਰਿੰਗ ਹੋਈ। ਇਸ ਘਟਨਾ ’ਚ ਕੋਈ ਜ਼ਖਮੀ ਨਹੀਂ ਹੋਇਆ।
ਪੁਲਸ ਅਨੁਸਾਰ ਇਕ ਗ੍ਰੈਜੂਏਟ ਵਿਦਿਆਰਥੀ ਰੋਸ਼ਨ ਮਿਸ਼ਰਾ ਦੀ ਸ਼ਿਕਾਇਤ ’ਤੇ 3 ਨੌਜਵਾਨਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨ ਹੋਸਟਲ ਦੇ ਬਾਹਰ ਪਹੁੰਚੇ, ਹਵਾ ’ਚ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਏ।
ਪੁਲਸ ਦੇ ਵਧੀਕ ਡਿਪਟੀ ਕਮਿਸ਼ਨਰ ਵੈਭਵ ਬੰਗੜ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਰਾਤ 9:30 ਵਜੇ ਦੇ ਕਰੀਬ ਮਿਲੀ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਵਿਦਿਆਰਥੀਆਂ ਨੇ ਘਟਨਾ ਵਾਲੀ ਥਾਂ ਤੋਂ ਬਰਾਮਦ ਕੀਤੇ ਗਏ ਖੋਲ ਪੁਲਸ ਨੂੰ ਸੌਂਪ ਦਿੱਤੇ ਹਨ। ਕੁਝ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ । ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
