''ਡਿਜੀਟਲ ਅਰੈਸਟ'' ਕਰ ਕੇ ਸਾਬਕਾ ਮੇਜਰ ਜਨਰਲ ਤੋਂ ਠੱਗੇ ਕਰੋੜਾਂ ਰੁਪਏ
Sunday, Oct 13, 2024 - 12:42 PM (IST)
ਨੋਇਡਾ (ਭਾਸ਼ਾ)- ਨੋਇਡਾ ਦੇ ਗੌਤਮ ਬੁੱਧ ਨਗਰ ਦੇ ਸਾਈਬਰ ਕ੍ਰਾਈਮ ਥਾਣੇ ਨੇ ਇਕ ਸੇਵਾਮੁਕਤ ਮੇਜਰ ਜਨਰਲ ਨੂੰ 'ਡਿਜੀਟਲ ਅਰੈਸਟ' ਕਰਕੇ 2 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਜੈਪੁਰ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 'ਡਿਜੀਟਲ ਅਰੈਸਟ' 'ਚ ਇਕ ਵਿਅਕਤੀ ਨੂੰ ਆਨਲਾਈਨ ਮਾਧਿਅਮ ਰਾਹੀਂ ਧਮਕੀ ਦਿੱਤੀ ਜਾਂਦੀ ਹੈ ਕਿ ਉਸ ਨੂੰ ਸਰਕਾਰੀ ਏਜੰਸੀ ਰਾਹੀਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਜੁਰਮਾਨਾ ਭਰਨਾ ਪਵੇਗਾ। ਸਾਈਬਰ ਕ੍ਰਾਈਮ ਪੁਲਸ ਅਨੁਸਾਰ, ਦੋਸ਼ੀਆਂ ਨੇ ਡਿਜੀਟਲ ਅਰੈਸਟ ਕਰ ਕੇ ਧੋਖਾਧੜੀ ਲਈ ਇਕ ਬੈਂਕ ਖਾਤਾ ਮੁਹੱਈਆ ਕਰਵਾਇਆ ਸੀ। ਠੱਗੀ ਦੀ ਵਾਰਤਾ ਥਾਈਲੈਂਡ ਸਥਿਤ ਸਾਈਬਰ ਅਪਰਾਧੀਆਂ ਦੇ ਇਕ ਗਿਰੋਹ ਵਲੋਂ ਕੀਤੀ ਗਈ ਸੀ। ਪੁਲਸ ਦੀ ਡਿਪਟੀ ਕਮਿਸ਼ਨਰ (ਸਾਈਬਰ ਕ੍ਰਾਈਮ) ਪ੍ਰੀਤੀ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਜੈਪੁਰ ਦੇ ਰਹਿਣ ਵਾਲੇ ਕਾਨਾਰਾਮ (30), ਲਲਿਤ ਕੁਮਾਰ (22) ਅਤੇ ਸਚਿਨ ਕੁਮਾਰ (30) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸੈਕਟਰ-31, ਨੋਇਡਾ ਦੇ ਰਹਿਣ ਵਾਲੇ ਇਕ ਸੇਵਾਮੁਕਤ ਮੇਜਰ ਜਨਰਲ ਨੇ 28 ਅਗਸਤ ਨੂੰ ਸਾਈਬਰ ਕ੍ਰਾਈਮ ਥਾਣੇ 'ਚ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਨਾਲ 2 ਕਰੋੜ ਰੁਪਏ ਦੀ ਠੱਗੀ ਹੋਈ ਹੈ।
ਪੀੜਤ ਅਨੁਸਾਰ, ਉਨ੍ਹਾਂ ਨੂੰ 5 ਦਿਨ ਤੱਕ ਡਿਜੀਟਲ ਅਰੈਸਟ ਰੱਖਿਆ ਗਿਆ ਸੀ। ਠੱਗੀ ਤੋਂ ਪਹਿਲੇ ਫੋਨ ਕਰਨ ਵਾਲੇ ਵਿਅਕਤੀ ਨੇ ਖ਼ੁਦ ਨੂੰ ਇਕ ਕੋਰੀਅਰ ਕੰਪਨੀ ਦਾ ਕਰਮਚਾਰੀ ਦੱਸਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੇ ਆਧਾਰ ਕਾਰਡ ਦਾ ਇਸਤੇਮਾਲ ਕਰ ਕੇ ਇਕ ਪਾਰਸਲ ਤਾਈਵਾਨ ਭੇਜਿਆ ਜਾ ਰਿਹਾ ਸੀ, ਜਿਸ 'ਚ 5 ਪਾਸਪੋਰਟ, ਚਾਰ ਬੈਂਕ ਦੇ ਕ੍ਰੇਡਿਟ ਕਾਰਡ, ਕੱਪੜੇ, 200 ਗ੍ਰਾਮ ਨਸ਼ੀਲਾ ਪਦਾਰਥ ਅਤੇ ਇਕ ਲੈਪਟਾਪ ਸਣੇ ਹੋਰ ਗੈਰ-ਕਾਨੂੰਨੀ ਸਾਮਾਨ ਹੈ। ਸ਼ਿਕਾਇਤ ਅਨੁਸਾਰ ਪੀੜਤ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਛੇੜਛਾੜ ਹੋਈ ਹੈ ਤਾਂ ਮੁੰਬਈ ਅਪਰਾਧ ਬ੍ਰਾਂਚ 'ਚ ਇਸ ਦੀ ਸ਼ਿਕਾਇਤ ਕਰਨੀ ਹੋਵੇਗੀ। ਇਸ ਤੋਂ ਬਾਅਦ ਵਟਸਐੱਪ ਕਾਲ ਰਾਹੀਂ ਅਜੇ ਕੁਮਾਰ ਬੰਸਲ ਨਾਂ ਦੇ ਮੁੰਬਈ ਪੁਲਸ ਅਧਿਕਾਰੀ ਅਤੇ ਸ਼ਿਕਾਇਤਕਰਤਾ ਦਾ ਸੰਪਰਕ ਕਰਵਾਇਆ ਗਿਆ। ਠੱਗਾਂ ਨੇ ਪੀੜਤ ਕੋਲ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਇਕ ਫਰਜ਼ੀ ਚਿੱਠੀ ਭੇਜੀ, ਜਿਸ 'ਚ ਲਿਖਿਆ ਸੀ ਕਿ ਜੇਕਰ ਉਸ ਨੇ ਜੇਲ੍ਹ ਜਾਣ ਤੋਂ ਬਚਣਾ ਹੈ ਤਾਂ ਪੁੱਛ-ਗਿੱਛ ਸੰਬੰਧੀ ਕੋਈ ਵੀ ਜਾਣਕਾਰੀ ਪਰਿਵਾਰ ਦੇ ਲੋਕਾਂ ਨਾਲ ਸਾਂਝੀ ਨਹੀਂ ਕਰਨੀ ਹੋਵੇਗੀ। ਠੱਗ ਕੈਮਰੇ ਰਾਹੀਂ ਮੇਜਰ ਜਨਰਲ 'ਤੇ ਨਜ਼ਰ ਰੱਖੀ ਰਹੇ। ਇਸ ਦੌਰਾਨ ਦਾਅਵਾ ਕੀਤਾ ਗਿਆ ਕਿ ਮੇਜਰ ਜਨਰਲ 'ਤੇ ਕਦੇ ਵੀ ਹਮਲਾ ਹੋ ਸਕਦਾ ਹੈ। ਸ਼ਿਕਾਇਤ 'ਚ ਦੋਸ਼ ਲਗਾਇਆ ਗਿਆ ਹੈ ਕਿ ਇਸ ਤੋਂ ਬਾਅਦ ਪੁਲਸ ਅਧਿਕਾਰੀ ਬਣ ਕੇ ਠੱਗ ਨੇ ਪੀੜਤ ਦੀਆਂ ਵਿੱਤੀ ਜਾਣਕਾਰੀਆਂ ਪੁੱਛਆਂ ਅਤੇ ਉਨ੍ਹਾਂ ਨੂੰ ਰਕਮ ਵੱਖ-ਵੱਖ ਬੈਂਕ ਖਾਤਿਆਂ 'ਚ ਭੇਜਣ ਲਈ ਕਿਹਾ। ਪੁਲਸ ਗ੍ਰਿਫ਼ਤਾਰ ਦੋਸ਼ੀਆਂ ਤੋਂ ਪੁੱਛ-ਗਿੱਛ ਕਰ ਕੇ ਜੁੜੇ ਹੋਰ ਦੋਸ਼ੀਆਂ ਦਾ ਪਤਾ ਲਗਾਉਣ 'ਚ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8