ਰਾਮ ਮੰਦਰ ''ਚ ਕਥਿਤ ਚੜ੍ਹਾਵਾ ਚੋਰੀ ਦੇ ਮਾਮਲੇ ''ਚ ਸਾਬਕਾ ਕੈਬਨਿਟ ਮੰਤਰੀ ਦਾ ਵੱਡਾ ਬਿਆਨ, ਆਖੀ ਵੱਡੀ ਗੱਲ
Thursday, Jun 25, 2026 - 09:28 AM (IST)
ਅਯੁੱਧਿਆ/ਗਾਜ਼ੀਪੁਰ - ਰਾਮ ਮੰਦਰ 'ਚ ਕਥਿਤ ਚੜ੍ਹਾਵਾ ਚੋਰੀ ਦੇ ਮਾਮਲੇ ’ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਤੇ ਅਪਨੀ ਜਨਤਾ ਪਾਰਟੀ ਦੇ ਮੁਖੀ ਸਵਾਮੀ ਪ੍ਰਸਾਦ ਮੌਰਿਆ ਦੇ ਵਿਵਾਦਿਤ ਬਿਆਨ ਨਾਲ ਨਵਾਂ ਵਿਵਾਦ ਪੈਦਾ ਹੋ ਗਿਆ ਹੈ। ਗਾਜ਼ੀਪੁਰ 'ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਕਿਹਾ ਕਿ ਭਗਵਾਨ ਰਾਮ ਜਦੋਂ ਆਪਣੇ ਮੰਦਰ ਦੀ ਰਾਖੀ ਨਹੀਂ ਕਰ ਸਕੇ ਤਾਂ ਤੁਹਾਡੀ ਕੀ ਕਰਨਗੇ। ਜੇ ਭਗਵਾਨ ਰਾਮ 'ਚ ਸ਼ਕਤੀ ਹੁੰਦੀ ਤਾਂ ਮੰਦਰ ਵਿਚ ਚੋਰੀ ਕਰਨ ਵਾਲੇ ਲੋਕਾਂ ਨੂੰ ਤੁਰੰਤ ਸਜ਼ਾ ਮਿਲਦੀ।
ਸਵਾਮੀ ਪ੍ਰਸਾਦ ਮੌਰਿਆ ਨੇ ਰਾਮ ਮੰਦਰ 'ਚ ਕਥਿਤ ਚੜ੍ਹਾਵਾ ਚੋਰੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਰੋੜਾਂ ਰੁਪਏ ਦਾ ਚੜ੍ਹਾਵਾ ਤੇ ਕੀਮਤੀ ਸਾਮਾਨ ਗਾਇਬ ਹੋ ਗਿਆ ਪਰ ਭਗਵਾਨ ਰਾਮ ਉਨ੍ਹਾਂ ਲੋਕਾਂ ਨੂੰ ਸਜ਼ਾ ਨਹੀਂ ਦੇ ਸਕੇ। ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ। ਮੌਰਿਆ ਇਸ ਤੋਂ ਪਹਿਲਾਂ ਵੀ ਰਾਮਚਰਿਤਮਾਨਸ, ਹਿੰਦੂ ਧਰਮ ਅਤੇ ਸਨਾਤਨ ਨਾਲ ਜੁੜੇ ਆਪਣੇ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਰਹਿ ਚੁੱਕੇ ਹਨ। ਉਨ੍ਹਾਂ ਦੇ ਤਾਜ਼ਾ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਵੀ ਬਹਿਸ ਤੇਜ਼ ਹੋ ਗਈ ਹੈ।
ਸੰਤ ਬੋਲੇ : ਜੀਭ ਕੱਟਣ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ
ਅਯੁੱਧਿਆ ਦੇ ਸੰਤ ਵਿਸ਼ਨੂੰ ਦਾਸ ਮਹਾਰਾਜ ਨੇ ਸਵਾਮੀ ਪ੍ਰਸਾਦ ਮੌਰਿਆ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਰਿਆ ਲਗਾਤਾਰ ਸਨਾਤਨ ਧਰਮ ਤੇ ਹਿੰਦੂ ਆਸਥਾ ’ਤੇ ਟਿੱਪਣੀਆਂ ਕਰਦੇ ਰਹੇ ਹਨ। ਜਿਹੜਾ ਵਿਅਕਤੀ ਸਵਾਮੀ ਪ੍ਰਸਾਦ ਮੌਰਿਆ ਦੀ ਜੀਭ ਕੱਟੇਗਾ, ਉਸ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।
ਉਨ੍ਹਾਂ ਮੌਰਿਆ ਨੂੰ ਸਨਾਤਨ ਸੱਭਿਅਤਾ ਦਾ ਵਿਰੋਧੀ ਦੱਸਦਿਆਂ ਕਿਹਾ ਕਿ ਅਜਿਹੇ ਬਿਆਨਾਂ ਨਾਲ ਕਰੋੜਾਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।
