ਰਾਮ ਮੰਦਰ ’ਚ ਆਰਤੀ ਦਰਸ਼ਨ ਲਈ ਤਤਕਾਲ ਪਾਸ ਸਹੂਲਤ ਸ਼ੁਰੂ
Friday, Aug 07, 2026 - 03:42 AM (IST)
ਲਖਨਊ - ਅਯੁੱਧਿਆ ਸਥਿਤ ਸ਼੍ਰੀ ਰਾਮ ਜਨਮਭੂਮੀ ਮੰਦਰ ’ਚ ਆਰਤੀ ਦਰਸ਼ਨ ਲਈ ਹੁਣ ਤਤਕਾਲ ਪਾਸ ਜਾਰੀ ਕਰਨ ਦੀ ਵਿਵਸਥਾ ਸ਼ੁਰੂ ਕਰ ਦਿੱਤੀ ਗਈ ਹੈ। ਪਾਸ ਲਈ ਰਾਮ ਮੰਦਰ ਦੇ ਮੁੱਖ ਗੇਟ ਦੇ ਨੇੜੇ ਯਾਤਰੀ ਸਹੂਲਤ ਕੇਂਦਰ ’ਚ ਕਾਊਂਟਰ ਬਣਾਇਆ ਗਿਆ ਹੈ, ਜਿੱਥੋਂ ਸ਼ਰਧਾਲੂ ਪਾਸ ਪ੍ਰਾਪਤ ਕਰ ਸਕਣਗੇ।
ਟਰੱਸਟ ਅਨੁਸਾਰ, ਫਿਲਹਾਲ ਪਾਸ ਦੀ ਗਿਣਤੀ ਸੀਮਤ ਰੱਖੀ ਗਈ ਹੈ। ਰਾਮਲੱਲਾ ਦੀ ਆਰਤੀ ਲਈ 45 ਅਤੇ ਰਾਮ ਪਰਿਵਾਰ ਦੀ ਆਰਤੀ ਲਈ 15 ਪਾਸ ਜਾਰੀ ਕੀਤੇ ਜਾ ਰਹੇ ਹਨ। ਮੰਗਲਾ ਆਰਤੀ (ਸਵੇਰੇ 4 ਵਜੇ) ਅਤੇ ਸ਼ਿੰਗਾਰ ਆਰਤੀ (ਸਵੇਰੇ 6 ਵਜੇ) ਦੇ ਪਾਸ ਇਕ ਦਿਨ ਪਹਿਲਾਂ ਬਣਾਏ ਜਾਣਗੇ, ਜਦਕਿ ਵਿਸ਼ਰਾਮ ਦੀ ਆਰਤੀ (ਰਾਤ 9 ਵਜੇ) ਦਾ ਪਾਸ ਉਸੇ ਦਿਨ ਜਾਰੀ ਹੋਵੇਗਾ।
ਰਾਮ ਮੰਦਰ ਦੇ ਪਾਸ ਪ੍ਰਬੰਧਾਂ ਦੇ ਇੰਚਾਰਜ ਨਰਿੰਦਰ ਨੇ ਦੱਸਿਆ ਕਿ ਆਨਲਾਈਨ ਆਰਤੀ ਦਰਸ਼ਨ ਤੋਂ ਇਲਾਵਾ ਰੈਫ਼ਰਲ ਪਾਸ ਦੀ ਵਿਵਸਥਾ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਰਾਮਲੱਲਾ ਦੇ ਨਿਯਮਿਤ ਦਰਸ਼ਨ ਲਈ ਹੁਣ ਤੱਕ 2743 ਪਾਸ ਜਾਰੀ ਕੀਤੇ ਜਾ ਚੁੱਕੇ ਹਨ। 6 ਮਹੀਨਿਆਂ ਦੀ ਜਾਇਜ਼ਤਾ ਵਾਲੇ ਇਨ੍ਹਾਂ ਪਾਸਾਂ ਦਾ ਨਵੀਨੀਕਰਨ ਵੀ ਕੀਤਾ ਜਾ ਰਿਹਾ ਹੈ। ਜਿਨ੍ਹਾਂ ਸ਼ਰਧਾਲੂਆਂ ਦੇ ਪਾਸ ਦੀ ਮਿਆਦ ਖਤਮ ਹੋ ਰਹੀ ਹੈ, ਉਹ ਇਸ ਨੂੰ ਦੁਬਾਰਾ ਨਵਿਆ ਸਕਦੇ ਹਨ।
