ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

Sunday, Aug 02, 2026 - 12:44 PM (IST)

ਪੰਜਾਬ ਦੇ ਪੇਪਰ ਲੀਕ ਮਾਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਭੁਲੱਥ/ਨਡਾਲਾ (ਰਜਿੰਦਰ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਨਡਾਲਾ ਦੇ ਇਕ ਰਿਜ਼ੋਰਟ ਵਿਖੇ ਭੁਲੱਥ ਹਲਕੇ ਦੇ ਲੋਕਾਂ ਨਾਲ ਰੱਖੀ ਲੋਕ ਮਿਲਣੀ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰ ਲਿਆ। ਰੈਲੀ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਕਰਨ ਲਈ ਅਸੀਂ ਹਰੇਕ ਹਲਕੇ 'ਚ ਲੋਕ ਮਿਲਣੀ ਤਹਿਤ ਮੀਟਿੰਗਾਂ ਕਰ ਰਹੇ ਹਾਂ ਕਿ 2027 ਦੀਆਂ ਚੋਣਾਂ ਵਿੱਚ ਦੋਬਾਰਾ ਪੰਜਾਬ ਦੇ ਲੋਕ ਦੁਸ਼ਮਣ ਜਮਾਤਾਂ ਦੀਆਂ ਗੱਲਾਂ ਵਿਚ ਆ ਕੇ ਗੁੰਮਰਾਹ ਨਾ ਹੋ ਜਾਣ।

ਇਹ ਵੀ ਪੜ੍ਹੋ: ਰੇਲਵੇ ਭਰਤੀ ਬੋਰਡ ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਖ਼ਬਰ!  3 ਤੋਂ 6 ਅਗਸਤ ਤੱਕ...

ਉਨ੍ਹਾਂ ਕਿਹਾ ਕਿ ਅੱਜ ਪੂਰੇ ਪੰਜਾਬ ਵਿਚ ਹਰ ਮਹਿਕਮੇ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਕਹਿੰਦਾ ਸੀ ਕਿ ਕੋਈ ਧਰਨਾ ਨਹੀਂ ਲੱਗੇਗਾ, ਹਰ ਕਿਸੇ ਦੇ ਕੰਮ ਬਿਨਾ ਧਰਨਾ ਲਾਉਣ ਤੋਂ ਹੋਣਗੇ ਪਰ ਅੱਜ ਪੰਜਾਬ ਦੀਆ ਸੜਕਾਂ ਧਰਨਿਆਂ ਅਤੇ ਮੁਜ਼ਾਹਰਿਆਂ ਕਰਕੇ ਬੰਦ ਹੋਈਆਂ ਪਈਆਂ ਹਨ। ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ 'ਤੇ ਹੋਏ ਲਾਠੀਚਾਰਜ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਰਕਾਰ ਪੰਜਾਬ ਵਿਚ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਵੀ ਹੱਕ ਨਹੀਂ ਦੇ ਰਹੀ। ਜੇ ਕੋਈ ਲੋਕਤਾਂਤ੍ਰਿਕ ਢੰਗ ਨਾਲ ਸੰਘਰਸ਼ ਕਰਦਾ ਹੈ ਤਾਂ ਸਰਕਾਰ ਉਨ੍ਹਾਂ 'ਤੇ ਡੰਡੇ ਵਰਾਂਉਂਦੀ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ 'ਆਪ' ਸੁਪਰੀਮੋ ਕੇਜਰੀਵਾਲ ਅਤੇ ਸੀ. ਐੱਮ. ਭਗਵੰਤ ਮਾਨ 'ਨੀਟ' ਪੇਪਰ ਲੀਕ ਮਾਮਲੇ ਵਿਚ ਦੇਸ਼ ਦੇ ਸਿੱਖਿਆ ਮੰਤਰੀ ਦਾ ਅਸਤੀਫ਼ਾ ਮੰਗਦੇ ਸੀ, ਜੋ ਉਸ ਨੇ ਦੇ ਦਿੱਤਾ ਹੈ ਪਰ ਜੋ ਪੰਜਾਬ ਵਿਚ ਪੇਪਰ ਲੀਕ ਮਾਮਲੇ ਹੋਏ ਹਨ। ਉਸ ਵਿਚ ਵੀ ਜ਼ਿੰਮੇਵਾਰ ਮੰਤਰੀ ਨੂੰ ਨੈਤਿਕ ਤੌਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਏਕਤਾ 'ਤੇ ਬੋਲਦਿਆਂ ਕਿਹਾ ਕਿ ਪੰਥਕ ਏਕਤਾ ਲਈ ਮੈਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ, ਬੇਸ਼ਰਤੇ ਏਕਤਾ ਪੰਥ ਅਤੇ ਪੰਜਾਬ ਦੇ ਮੁੱਦਿਆ ਨੂੰ ਮੁੱਖ ਰੱਖ ਕੇ ਹੋਵੇ।

ਇਹ ਵੀ ਪੜ੍ਹੋ: ਪੰਜਾਬੀ ਫ਼ਿਲਮ 'ਰਹਿਮਤ' ਵਿਸ਼ਵ ਫ਼ਿਲਮ ਪੁਰਸਕਾਰ ਲਈ ਨਾਮਜ਼ਦ ਸਿਖਰਲੀਆਂ 10 ਫ਼ਿਲਮਾਂ 'ਚ ਸ਼ਾਮਲ

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪੂਰੇ ਪੰਜਾਬ ਵਿਚ ਇਸਤਰੀ ਅਕਾਲੀ ਦਲ ਨੂੰ ਲਾਮਬੰਦ ਕਰਕੇ ਜਲਦੀ ਜਥੇਬੰਦਕ ਢਾਂਚਾ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਮੀਟਿੰਗ 'ਚ ਵੱਡੀ ਗਿਣਤੀ ਵਿਚ ਪਹੁੰਚੇ ਭੁਲੱਥ ਹਲਕੇ ਦੇ ਵਰਕਰਾਂ ਦਾ ਧੰਨਵਾਦ ਕੀਤਾ। ਬੀਬੀ ਜਗੀਰ ਕੌਰ ਨੇ 2 ਦਸੰਬਰ 2024 ਦੇ ਹੁਕਮਨਾਮੇ ਦਾ ਜ਼ਿਕਰ ਕਰਦੇ ਕਿਹਾ ਕਿ ਸਮੁੱਚਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਇਕੱਠਾ ਹੋਵੇ ਤਾਂ ਕਿ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਥਕ ਸਰਕਾਰ ਬਣ ਸਕੇ। ਉਨ੍ਹਾਂ ਨੇ ਹਲਕੇ ਭੁਲੱਥ ਵਿਚ ਸੜਕਾਂ ਦੇ ਮਾੜ੍ਹੇ ਹਾਲ ਅਤੇ ਹੋਰ ਮੁਸ਼ਕਿਲਾਂ ਦਾ ਜ਼ਿਕਰ ਵੀ ਕੀਤਾ। ਇਸ ਮੌਕੇ ਬੀਬੀ ਜਗੀਰ ਕੌਰ ਨੇ ਇਲਾਕੇ ਦੇ ਲੋਕਾਂ ਕੋਲੋਂ ਸਹਿਮਤੀ ਲੈਣ ਉਪਰੰਤ ਐਲਾਨ ਕੀਤਾ ਕਿ ਮੈਂ ਅੱਜ ਤੋਂ ਚੋਣ ਦਾ ਆਗਾਜ਼ ਕਰਦੀ ਹਾਂ।

ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਵੀ ਇਸ ਇਲਾਕੇ ਦੇ ਲੋਕ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਪ੍ਰਤੀ ਆਪਣਾ ਸਤਿਕਾਰ ਅਤੇ ਸ਼ਰਧਾ ਰੱਖਦੇ ਹਨ। ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਆਓ ਸਾਰੇ ਇਕੱਠੇ ਹੋ ਕੇ ਪੰਥ ਅਤੇ ਪੰਜਾਬ ਦੇ ਭਲੇ ਲਈ ਪੰਥਕ ਸਰਕਾਰ ਬਣਾਈਏ।

ਇਹ ਵੀ ਪੜ੍ਹੋ: ਈਰਾਨ ਤੋਂ ਸਿੱਖ ਭਾਈਚਾਰੇ ਦੇ 50 ਲੋਕ ਸੁਰੱਖਿਅਤ ਪਰਤੇ ਭਾਰਤ, ਮੋਦੀ ਤੇ ਜੈਵੀਰ ਸ਼ੇਰਗਿੱਲ ਦਾ ਕੀਤਾ ਧੰਨਵਾਦ

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪੰਜਾਬ ਸਿਰ ਅੱਜ ਪੰਜ ਲੱਖ ਕਰੋੜ ਦਾ ਕਰਜ਼ਾ ਚੜ੍ਹ ਚੁੱਕਿਆ ਹੈ। ਅੱਜ ਪੰਜਾਬ ਦੀ ਸਰਕਾਰ ਕਰੋੜਾਂ ਰੁਪਏ ਪੰਜਾਬ ਦੇ ਖਜਾਨੇ ਵਿਚੋਂ ਆਪਣੀ ਪਾਰਟੀ ਦੇ ਪ੍ਰਚਾਰ ਲਈ ਦੇਸ਼ ਭਰ ਵਿਚ ਆਪਣੀ ਮਸ਼ਹੂਰੀ ਦੇ ਇਸ਼ਤਿਹਾਰਾਂ 'ਤੇ ਲਾ ਰਹੀ ਹੈ, ਜੋ ਬੰਦ ਹੋਣਾ ਚਾਹੀਦਾ ਹੈ। ਇਸ ਮੌਕੇ ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਜਗਜੀਤ ਸਿੰਘ ਕੋਹਲੀ, ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਜਿੰਦਰਜੀਤ ਸਿੰਘ ਭੁੱਲਰ, ਅਜੈਪਾਲ ਸਿੰਘ ਮੀਰਾਂਕੋਟ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸਿਮਰਜੋਤ ਕੌਰ ਸਿੱਧੂ, ਦਲਜਿੰਦਰਬੀਰ ਸਿੰਘ ਵਿਰਕ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਮਨਿੰਦਰ ਸਿੰਘ ਧੁੰਨਾ ਪ੍ਰਧਾਨ ਸ਼ਹਿਰੀ ਅੰਮ੍ਰਿਤਸਰ, ਰਾਜਵਿੰਦਰ ਸਿੰਘ ਜੈਦ, ਰਣਜੀਤ ਸਿੰਘ ਬਿੱਟੂ, ਯਾਦਵਿੰਦਰ ਸਿੰਘ ਬੰਟੀ, ਮਲਕੀਤ ਸਿੰਘ ਠੁਣੀਆ, ਪਰਵਿੰਦਰ ਸਿੰਘ ਬੰਟੀ, ਐਡਵੋਕੇਟ ਪਰਵਿੰਦਰ ਸਿੰਘ ਹਮੀਰਾ, ਬੰਟੀ ਨੌਰੰਗਪੁਰ ਅਤੇ ਜਰਨੈਲ ਸਿੰਘ ਟਾਂਡੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੈ ਗਈ ਰੇਡ! ਅੰਦਰਲਾ ਨਜ਼ਾਰਾ ਵੇਖ ਪੁਲਸ ਦੇ ਉੱਡੇ ਹੋਸ਼, ਮੁੰਡੇ-ਕੁੜੀਆਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News