ਕੱਟੜ ਸੋਚ ਵਾਲੇ ਗੁਆਂਢੀ ਦੇਸ਼ ਦੀ ਮਾਨਸਿਕਤਾ ਨੂੰ ਬਦਲਿਆ ਨਹੀਂ ਜਾ ਸਕਦਾ : ਜੈਸ਼ੰਕਰ

Friday, Mar 28, 2025 - 08:59 PM (IST)

ਕੱਟੜ ਸੋਚ ਵਾਲੇ ਗੁਆਂਢੀ ਦੇਸ਼ ਦੀ ਮਾਨਸਿਕਤਾ ਨੂੰ ਬਦਲਿਆ ਨਹੀਂ ਜਾ ਸਕਦਾ : ਜੈਸ਼ੰਕਰ

ਨਵੀਂ ਦਿੱਲੀ, (ਭਾਸ਼ਾ)- ਪਾਕਿਸਤਾਨ ’ਚ ਘੱਟ ਗਿਣਤੀਆਂ ਦੀ ਚਿੰਤਾਜਨਕ ਸਥਿਤੀ ਨੂੰ ਕੌਮਾਂਤਰੀ ਪੱਧਰ ’ਤੇ ਉਠਾਏ ਜਾਣ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਕਿਹਾ ਕਿ ਅਸੀਂ ਆਪਣੇ ਇਕ ਗੁਆਂਢੀ ਦੇਸ਼ ਦੀ ਮਾਨਸਿਕਤਾ ਨੂੰ ਨਹੀਂ ਬਦਲ ਸਕਦੇ ਜਿਸ ਦੀ ਸੋਚ ਕੱਟੜਤਾ ’ਤੇ ਆਧਾਰਤ ਹੈ। ਇੱਥੋਂ ਤੱਕ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਅਜਿਹਾ ਕਰਨ ’ਚ ਨਾਕਾਮ ਰਹੀ ਸੀ।

ਜੈਸ਼ੰਕਰ ਨੇ ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਕਿਹਾ ਕਿ ਪਾਕਿਸਤਾਨ ’ਚ ਹਿੰਦੂਆਂ ਤੇ ਹੋਰ ਧਾਰਮਿਕ ਘੱਟ ਗਿਣਤੀਆਂ ’ਤੇ ਹਮਲਿਆਂ ਤੇ ਅਤਿਆਚਾਆਂ ਦੇ ਕਈ ਮਾਮਲਿਆਂ ਦੇ ਬਾਵਜੂਦ ਉੱਥੋਂ ਦੀ ਸਰਕਾਰ ਆਪਣੇ ਦੇਸ਼ ’ਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕੋਈ ਕਾਰਵਾਈ ਨਹੀਂ ਕਰ ਰਹੀ।

ਉਨ੍ਹਾਂ ਕਿਹਾ ਕਿ ਸਰਕਾਰ ਪਾਕਿਸਤਾਨ ਤੇ ਬੰਗਲਾਦੇਸ਼ ’ਚ ਘੱਟ ਗਿਣਤੀਆਂ ਨਾਲ ਹੋਣ ਵਾਲੇ ਵਤੀਰੇ ’ਤੇ ਨੇੜਿਓਂ ਨਜ਼ਰ ਰੱਖ ਰਹੀ ਹੈ। ਸਮੇਂ-ਸਮੇਂ ’ਤੇ ਸੰਯੁਕਤ ਰਾਸ਼ਟਰ ਸਮੇਤ ਵੱਖ-ਵੱਖ ਕੌਮਾਂਤਰੀ ਸਟੇਜਾਂ ’ਤੇ ਉਨ੍ਹਾਂ ਦੇ ਅਤਿਆਚਾਰ ਦੇ ਮੁੱਦੇ ਉਠਾਉਂਦੀ ਰਹਿੰਦੀ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਿਸਤਾਨ ’ਚ ਫਰਵਰੀ ਮਹੀਨੇ ਦੌਰਾਨ ਹਿੰਦੂਆਂ ’ਤੇ ਅੱਤਿਆਚਾਰ ਦੇ 10 ਮਾਮਲੇ ਸਾਹਮਣੇ ਆਏ। ਸਿੱਖਾਂ ’ਤੇ 2 ਤੇ ਈਸਾਈਆਂ ’ਤੇ ਅੱਤਿਆਚਾਰ ਦਾ ਇਕ ਮਾਮਲਾ ਸਾਹਮਣੇ ਆਇਆ ਹੈ।

ਉਨ੍ਹਾਂ ਹੋਲੀ ਖੇਡਣ ਵਾਲੇ ਵਿਦਿਆਰਥੀਆਂ ’ਤੇ ਅਗਵਾ, ਜਬਰੀ ਧਰਮ ਤਬਦੀਲੀ ਤੇ ਪੁਲਸ ਕਾਰਵਾਈ ਦੇ ਮਾਮਲਿਆਂ ਨੂੰ ਗਿਣਾਉਂਦਿਆਂ ਕਿਹਾ ਕਿ ਅਹਿਮਦੀਆ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਵੀ ਪਰੇਸ਼ਾਨ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। 2024 ’ਚ ਬੰਗਲਾਦੇਸ਼ ’ਚ ਘੱਟ ਗਿਣਤੀਆਂ ਤੇ ਹਮਲਿਆਂ ਦੇ 2,400 ਮਾਮਲੇ ਸਾਹਮਣੇ ਆਏ ਸਨ। 2025 ’ਚ ਹੁਣ ਤੱਕ 75 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ।


author

Rakesh

Content Editor

Related News