1975 ਤੋਂ ਬਾਅਦ ਪਹਿਲੀ ਵਾਰ LAC ''ਤੇ ਸ਼ਹੀਦ ਹੋਏ ਜਵਾਨ
Tuesday, Jun 16, 2020 - 08:03 PM (IST)
ਨਵੀਂ ਦਿੱਲੀ (ਇੰਟ)- ਭਾਰਤ ਤੇ ਚੀਨ ਦੇ ਸਰਹੱਦ 'ਤੇ ਪਿਛਲੇ 4 ਦਹਾਕਿਆਂ ਤੋਂ ਹਿੰਸਾ ਨਹੀਂ ਦੇਖਣ ਨੂੰ ਮਿਲੀ। ਅਜਿਹਾ ਕਰੀਬ 45 ਸਾਲ ਬਾਅਦ ਹੋਇਆ ਹੈ ਕਿ ਭਾਰਤ-ਚੀਨ ਸਰਹੱਦ 'ਤੇ ਹਿੰਸਾ 'ਚ ਕਿਸੇ ਸੈਨਿਕ ਦੀ ਸ਼ਹਾਦਤ ਹੋਈ ਹੋਵੇ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਸਰਹੱਦ 'ਤੇ ਆਖਰੀ ਫਾਇਰਿੰਗ (ਦੋਵੇਂ ਪਾਸੇ ਤੋਂ) 1967 ਵਿਚ ਹੋਈ ਸੀ ਪਰ ਇਹ ਪੂਰਾ ਸੱਚ ਨਹੀਂ ਹੈ। ਚੀਨ ਵਲੋਂ 1975 ਵਿਚ ਵੀ ਭਾਰਤੀ ਸੈਨਿਕਾਂ 'ਤੇ ਹਮਲਾ ਹੋਇਆ ਸੀ। ਭਾਰਤ ਤੇ ਚੀਨ ਦੇ ਵਿਚਾਲੇ ਆਖਰੀ ਗੋਲੀ ਦੇ ਰੂਪ 'ਚ ਸਾਲ 1967 ਨੂੰ ਯਾਦ ਕੀਤਾ ਜਾਂਦਾ ਹੈ। ਭਾਵ 53 ਸਾਲ ਪਹਿਲਾਂ। ਇਹ ਹਿੰਸਾ ਝੜਪ ਸਿੱਕਮ 'ਚ ਹੋਈ ਸੀ। ਚੀਨ ਉੱਥੇ ਇਸ ਲਈ ਚਿੜਿਆ ਹੋਇਆ ਸੀ ਕਿਉਂਕਿ 1962 ਦੀ ਇਸ ਜੰਗ 'ਚ ਭਾਰਤ ਦੇ 80 ਜਵਾਨ ਸ਼ਹੀਦ ਹੋਏ ਸਨ ਤੇ ਚੀਨ ਦੇ ਕਰੀਬ 400 ਸੈਨਿਕਾਂ ਨੇ ਆਪਣੀ ਜਾਨ ਗੁਆਈ ਸੀ।
ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ 'ਚ ਭਾਰਤ ਅਤੇ ਚੀਨ ਦਰਮਿਆਨ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਗਲਵਾਨ ਘਾਟੀ 'ਚ ਫੌਜਾਂ ਨੂੰ ਪਿੱਛੇ ਕਰਨ ਦੀ ਕਵਾਇਦ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ 'ਚ ਝੜਪ ਦੀ ਖ਼ਬਰ ਹੈ। ਫੌਜ ਅਨੁਸਾਰ, ਹਿੰਸਕ ਸੰਘਰਸ਼ 'ਚ ਭਾਰਤ ਨੇ ਇਕ ਅਧਿਕਾਰੀ ਤੇ 2 ਜਵਾਨ ਗਵਾ ਦਿੱਤੇ ਹਨ। ਚੀਨ ਵੱਲ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਵੱਡੇ ਘਟਨਾਕ੍ਰਮ ਤੋਂ ਬਾਅਦ ਦੋਹਾਂ ਫੌਜਾਂ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਮੁਲਾਕਾਤ ਕਰ ਕੇ ਹਾਲਾਤ ਸੰਭਾਲਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ।