‘ਮੱਖੀਆਂ’ ਕਾਰਨ ਕੁਆਰੇ ਨੇ ਇਸ ਪਿੰਡ ਦੇ ਮੁੰਡੇ, ਟੁੱਟ ਚੁੱਕੇ ਨੇ ਕਈ ਵਿਆਹ
Sunday, Apr 03, 2022 - 01:56 PM (IST)
ਨੈਸ਼ਨਲ ਡੈਸਕ- ਗਰਮੀਆਂ ਦੇ ਮੌਸਮ ’ਚ ਮੱਖੀਆਂ ਦੀ ਗਿਣਤੀ ਵਧ ਜਾਂਦੀ ਹੈ, ਜੋ ਕਾਫੀ ਪਰੇਸ਼ਾਨ ਕਰਦੀ ਹੈ ਪਰ ਮੱਖੀਆਂ ਕਾਰਨ ਵਿਆਹ ਟੁੱਟ ਜਾਵੇ, ਇਹ ਸ਼ਾਇਦ ਹੀ ਕਦੇ ਤੁਸੀਂ ਸੁਣਿਆ ਹੋਵੇਗਾ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਵਿਕ੍ਰਮਪੁਰ ਪਿੰਡ ਦੇ ਲੋਕ ਇਨ੍ਹੀਂ ਦਿਨੀਂ ਮੱਖੀਆਂ ਦੀ ਵਜ੍ਹਾ ਕਰ ਕੇ ਕਾਫੀ ਪਰੇਸ਼ਾਨ ਹਨ। ਮੱਖੀਆਂ ਕਾਰਨ ਇਸ ਪਿੰਡ ਦੇ ਮੁੰਡਿਆਂ ਦੇ ਵਿਆਹ ਨਹੀਂ ਹੋ ਰਹੇ ਹਨ। ਮੱਖੀਆਂ ਤੋਂ ਪਰੇਸ਼ਾਨ ਪਿੰਡ ਵਾਸੀਆਂ ਦੀ ਹਾਲਤ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ ਕਿ ਉਨ੍ਹਾਂ ਦੀ ਵਜ੍ਹਾ ਤੋਂ ਹੀ ਕਈ ਨੌਜਵਾਨ ਮੁੰਡਿਆਂ ਦਾ ਵਿਆਹ ਤੱਕ ਟੁੱਟ ਚੁੱਕਿਆ ਹੈ।
ਕਈ ਲੋਕ ਪਿੰਡ ਤੋਂ ਪਲਾਇਨ ਕਰ ਚੁੱਕੇ ਹਨ। ਇੱਥੋਂ ਤੱਕ ਕਿ ਮੱਖੀਆਂ ਕਾਰਨ ਲੋਕਾਂ ਦਾ ਖਾਣਾ-ਪੀਣਾ ਅਤੇ ਸੌਂਣਾ ਤੱਕ ਮੁਹਾਲ ਹੋ ਗਿਆ ਹੈ। ਇਸ ਸਮੱਸਿਆ ਦਾ ਹੱਲ ਕਰਨ ਲਈ ਪ੍ਰਸ਼ਾਸਨ ਤੋਂ ਲੈ ਕੇ ਜਨਪ੍ਰਤੀਨਿਧੀਆਂ ਵਲੋਂ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਹਾਲਾਤ ਇੱਥੋਂ ਤੱਕ ਬਣ ਗਏ ਹਨ ਕਿ ਇਸ ਪਿੰਡ ’ਚ ਕੋਈ ਵੀ ਵਿਅਕਤੀ ਆਪਣੀ ਧੀ ਦਾ ਵਿਆਹ ਨਹੀਂ ਕਰਨਾ ਚਾਹੁੰਦਾ। ਮੱਖੀਆਂ ਦੇ ਕਾਰਨ ਪਿੰਡ ਦੇ ਕਈ ਲੋਕ ਤਾਂ ਪਲਾਇਨ ਕਰਨ ਨੂੰ ਮਜਬੂਰ ਹੋ ਰਹੇ ਹਨ।
ਦਰਅਸਲ ਮੱਖੀਆਂ ਆਪਣੇ ਨਾਲ ਕਈ ਰੋਗ ਵੀ ਲਿਆਉਂਦੀਆਂ ਹਨ। ਲੋਕਾਂ ਨੇ ਮੱਖੀਆਂ ਨੂੰ ਦੌੜਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ। ਦੱਸਿਆ ਜਾਂਦਾ ਹੈ ਕਿ ਇਸ ਦਾ ਮੁੱਖ ਕਾਰਨ ਇੱਥੇ ਖੁੱਲ੍ਹੇ ਪੋਲਟਰੀ ਫਾਰਮ ਹਨ। ਵਿਕ੍ਰਮਪੁਰ ਪਿੰਡ ਦੇ ਲੋਕ ਮਹੀਨਿਆਂ ਤੋਂ ਨਹੀਂ ਸਗੋਂ 5 ਸਾਲਾਂ ਤੋਂ ਮੱਖੀਆਂ ਦੀ ਸਮੱਸਿਆ ਝੱਲ ਰਹੇ ਹਨ।