ਕੋਚੀ ''ਚ ਰੂਹ ਕੰਬਾਊ ਵਾਰਦਾਤ: ਕਿਰਾਏ ਦੇ ਮਕਾਨ ''ਚੋਂ 3 ਬੱਚਿਆਂ ਸਣੇ ਇੱਕੋ ਪਰਿਵਾਰ ਦੇ 5 ਜੀਅ ਮ੍ਰਿਤਕ ਮਿਲੇ
Saturday, Mar 21, 2026 - 04:59 PM (IST)
ਕੋਚੀ : ਕੇਰਲ ਦੇ ਕੋਚੀ ਸ਼ਹਿਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ਨੀਵਾਰ ਨੂੰ ਵਦੁਥਲਾ ਸਥਿਤ ਇੱਕ ਕਿਰਾਏ ਦੇ ਮਕਾਨ 'ਚੋਂ ਤਿੰਨ ਬੱਚਿਆਂ ਸਮੇਤ ਪਰਿਵਾਰ ਦੇ ਪੰਜ ਮੈਂਬਰ ਮ੍ਰਿਤਕ ਹਾਲਤ 'ਚ ਮਿਲੇ ਹਨ। ਪੁਲਸ ਅਨੁਸਾਰ ਮ੍ਰਿਤਕਾਂ 'ਚ ਦੋ ਔਰਤਾਂ ਤੇ ਤਿੰਨ ਬੱਚੇ ਸ਼ਾਮਲ ਹਨ, ਜੋ ਕਿ ਮੂਲ ਰੂਪ 'ਚ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਸਨ।
ਇਲਾਜ ਕਰਵਾਉਣ ਆਇਆ ਸੀ ਪਰਿਵਾਰ
ਜਾਣਕਾਰੀ ਮੁਤਾਬਕ ਇਹ ਪਰਿਵਾਰ ਪਿਛਲੇ ਕੁਝ ਮਹੀਨਿਆਂ ਤੋਂ ਕੋਚੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਦੇ ਸਿਲਸਿਲੇ ਵਿੱਚ ਇੱਥੇ ਰਹਿ ਰਿਹਾ ਸੀ। ਮ੍ਰਿਤਕ ਔਰਤਾਂ ਦੀ ਪਛਾਣ ਕਨਕਲਤਾ ਅਤੇ ਉਸ ਦੀ ਬੇਟੀ ਅਸਵਤੀ ਵਜੋਂ ਹੋਈ ਹੈ, ਜਦਕਿ ਮ੍ਰਿਤਕ ਪਾਏ ਗਏ ਤਿੰਨੋਂ ਬੱਚੇ ਅਸਵਤੀ ਦੇ ਸਨ।
ਮਕਾਨ ਮਾਲਕ ਨੇ ਦਿੱਤੀ ਸੂਚਨਾ
ਏਰਨਾਕੁਲਮ ਉੱਤਰੀ ਥਾਣੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਪਰਿਵਾਰ ਸ਼ੁੱਕਰਵਾਰ ਤੋਂ ਘਰੋਂ ਬਾਹਰ ਨਹੀਂ ਨਿਕਲਿਆ ਸੀ। ਜਦੋਂ ਕਾਫੀ ਦੇਰ ਤੱਕ ਕੋਈ ਹਲਚਲ ਨਾ ਹੋਈ ਤਾਂ ਮਕਾਨ ਮਾਲਕ ਨੇ ਕਮਰੇ ਵਿੱਚ ਜਾ ਕੇ ਦੇਖਿਆ, ਜਿੱਥੇ ਪੰਜਾਂ ਦੀਆਂ ਲਾਸ਼ਾਂ ਪਈਆਂ ਸਨ।
ਖੁਦਕੁਸ਼ੀ ਦਾ ਸ਼ੱਕ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਦੇ ਆਧਾਰ 'ਤੇ ਪੁਲਸ ਨੂੰ ਸ਼ੱਕ ਹੈ ਕਿ ਔਰਤਾਂ ਨੇ ਪਹਿਲਾਂ ਬੱਚਿਆਂ ਦਾ ਕਤਲ ਕੀਤਾ ਅਤੇ ਉਸ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਟੀਮਾਂ ਹੁਣ ਮ੍ਰਿਤਕਾਂ ਦੇ ਹੋਰ ਰਿਸ਼ਤੇਦਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
