ਕੋਚਿੰਗ ਸੈਂਟਰ ਹਾਦਸਾ : ''ਬੇਸਮੈਂਟ'' ਦੇ ਮਾਲਕ ਸਮੇਤ 5 ਹੋਰ ਲੋਕ ਗ੍ਰਿਫ਼ਤਾਰ
Monday, Jul 29, 2024 - 12:11 PM (IST)
ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ ਦੇ ਓਲਡ ਰਾਜੇਂਦਰ ਨਗਰ ਇਲਾਕੇ 'ਚ ਇਕ ਕੋਚਿੰਗ ਸੈਂਟਰ ਦੀ ਚਾਰ ਮੰਜ਼ਿਲਾ ਇਮਾਰਤ ਦੇ 'ਬੇਸਮੈਂਟ' 'ਚ ਪਾਣੀ ਭਰਨ ਕਾਰਨ ਤਿੰਨ ਸਿਵਲ ਸੇਵਾ ਵਿਦਿਆਰਥੀਆਂ ਦੀ ਮੌਤ ਹੋਣ ਦੇ ਮਾਮਲੇ 'ਚ 5 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਿੱਲੀ ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚ 'ਬੇਸਮੈਂਟ' ਦਾ ਮਾਲਕ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਹੁਣ ਤੱਕ ਗ੍ਰਿਫ਼ਤਾਰ ਕੀਤੇ ਏ ਲੋਕਾਂ ਦੀ ਗਿਣਤੀ 7 ਹੋ ਗਈ ਹੈ। ਦਿੱਲੀ ਪੁਲਸ ਨੇ 'ਰਾਵ ਆਈ.ਏ.ਐੱਸ. ਸਟਡੀ ਸਰਕਿਲ' ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਐਤਵਾਰ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ।
ਪੁਲਸ ਨੇ ਉਨ੍ਹਾਂ ਖ਼ਿਲਾਫ਼ ਗੈਰ-ਇਰਾਦਤਨ ਕਤਲ ਸਮੇਤ ਹੋਰ ਦੋਸ਼ਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਡਿਪਟੀ ਕਮਿਸ਼ਨਰ ਐੱਮ. ਹਰਸ਼ਵਰਧਨ ਨੇ ਦੱਸਿਆ ਕਿ ਇਮਾਰਤ ਦੀ ਹਰੇਕ ਮੰਜ਼ਿਲ ਦਾ ਦਾ ਮਾਲਕ ਵੱਖ-ਵੱਖ ਵਿਅਕਤੀ ਹੈ। ਉਨ੍ਹਾਂ ਕਿਹਾ,''ਰਾਜੇਂਦਰ ਨਗਰ 'ਚ ਕੋਚਿੰਗ ਸੈਂਟਰ ਦੀ ਇਮਾਰਤ 'ਚ ਅਚਾਨਕ ਪਾਣੀ ਭਰਨ ਦੇ ਮਾਮਲੇ 'ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ 'ਚ 'ਬੇਸਮੈਂਟ' ਦਾ ਮਾਲਕ ਅਤੇ ਉਸ ਵਾਹਨ ਦਾ ਡਰਾਈਵਰ ਵੀ ਸ਼ਾਮਲ ਹੈ, ਜਿਸ ਕਾਰਨ ਇਮਾਰਤ ਦਾ ਗੇਟ ਨੁਕਸਾਨਿਆ ਗਿਆ (ਇਸ ਕਾਰਨ ਬੇਸਮੈਂਟ 'ਚ ਪਾਣੀ ਭਰ ਗਿਆ)।'' ਪੁਲਸ ਨੇ ਦੱਸਿਆ ਕਿ ਕਾਰ ਮੀਂਹ ਦੇ ਪਾਣੀ 'ਚ ਚੱਲ ਰਹੀ ਸੀ, ਜਿਸ ਕਾਰਨ ਪਾਣੀ ਦਾ ਵਹਾਅ ਵਧ ਗਿਆ ਅਤੇ 'ਬੇਸਮੈਂਟ' ਦਾ ਦਰਵਾਜ਼ਾ ਟੁੱਟ ਗਿਆ। ਅਧਿਕਾਰੀ ਨੇ ਕਿਹਾ ਕਿ ਪੁਲਸ ਇਸ ਘਟਨਾ ਲਈ ਜ਼ਿੰਮੇਵਾਰ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਕਰਨ ਲਈ ਵਚਨਬੱਧ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8