ਮਿਸਰ ਦੇ ਯੁੱਧ ਅਭਿਆਸ ''ਚ ਹਿੱਸਾ ਲੈ ਰਹੇ ਹਵਾਈ ਫ਼ੌਜ ਦੇ 5 ਮਿਗ-29, ਵਿਖਾਉਣਗੇ ਭਾਰਤ ਦੀ ਫ਼ੌਜੀ ਤਾਕਤ

Sunday, Aug 27, 2023 - 02:56 PM (IST)

ਮਿਸਰ ਦੇ ਯੁੱਧ ਅਭਿਆਸ ''ਚ ਹਿੱਸਾ ਲੈ ਰਹੇ ਹਵਾਈ ਫ਼ੌਜ ਦੇ 5 ਮਿਗ-29, ਵਿਖਾਉਣਗੇ ਭਾਰਤ ਦੀ ਫ਼ੌਜੀ ਤਾਕਤ

ਨਵੀਂ ਦਿੱਲੀ- ਮਿਸਰ 'ਚ ਐਤਵਾਰ ਤੋਂ ਸ਼ੁਰੂ ਹੋਏ 21 ਦਿਨਾਂ ਬਹੁ-ਪੱਖੀ ਯੁੱਧ ਅਭਿਆਸ 'ਚ ਭਾਰਤੀ ਹਵਾਈ ਫ਼ੌਜ ਦੇ 5 ਮਿਗ-29 ਲੜਾਕੂ ਜਹਾਜ਼, 6 ਟਰਾਂਸਪੋਰਟ ਜਹਾਜ਼ ਅਤੇ ਇਸ ਦੇ ਵਿਸ਼ੇਸ਼ ਫੋਰਸ ਦੇ ਕਰਮੀਆਂ ਦਾ ਇਕ ਸਮੂਹ ਹਿੱਸਾ ਲੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ-ਸਾਲਾ ਤ੍ਰਿ-ਸੇਵਾ ਅਭਿਆਸ - 'ਬ੍ਰਾਈਟ-ਸਟਾਰ' ਕਾਹਿਰਾ (ਪੱਛਮੀ) ਏਅਰ ਬੇਸ 'ਤੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਮੇਜ਼ਬਾਨ ਦੇਸ਼ ਅਤੇ ਭਾਰਤ ਤੋਂ ਇਲਾਵਾ ਅਮਰੀਕਾ, ਸਾਊਦੀ ਅਰਬ, ਗ੍ਰੀਸ ਅਤੇ ਕਤਰ ਦੀਆਂ ਫੌਜਾਂ ਵੀ ਹਿੱਸਾ ਲੈ ਰਹੀਆਂ ਹਨ।

ਭਾਰਤੀ ਹਵਾਈ ਫ਼ੌਜ ਪਹਿਲੀ ਵਾਰ ਇਸ ਅਭਿਆਸ 'ਚ ਹਿੱਸਾ ਲੈ ਰਹੀ ਹੈ। ਹਵਾਈ ਫ਼ੌਜ ਨੇ ਕਿਹਾ ਕਿ ਹਵਾਈ ਫ਼ੌਜ ਦੀ ਟੁਕੜੀ ਵਿਚ 5 ਮਿਗ-29, ਦੋ ਆਈ.ਐੱਲ-78, ਦੋ ਸੀ-130 ਅਤੇ ਦੋ ਸੀ-17 ਜਹਾਜ਼ ਸ਼ਾਮਲ ਹਨ। ਭਾਰਤੀ ਹਵਾਈ ਫ਼ੌਜ ਦੇ ਗਰੁੜ ਸਪੈਸ਼ਲ ਫੋਰਸ ਦੇ ਜਵਾਨਾਂ ਤੋਂ ਇਲਾਵਾ ਨੰਬਰ 28, 77, 78 ਅਤੇ 81 ਸਕੁਐਡਰਨ ਦੇ ਜਵਾਨ ਵੀ ਅਭਿਆਸ ਵਿਚ ਹਿੱਸਾ ਲੈਣਗੇ। ਭਾਰਤੀ ਥਲ ਸੈਨਾ ਦੇ ਲੱਗਭਗ 150 ਜਵਾਨ ਵੀ ਭਾਰਤੀ ਟੀਮ ਦਾ ਹਿੱਸਾ ਹਨ। 

ਹਵਾਈ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਦਾ ਮਕਸਦ ਸਾਂਝੀਆਂ ਕਾਰਵਾਈਆਂ ਦੀ ਯੋਜਨਾਬੰਦੀ ਅਤੇ ਲਾਗੂ ਕਰਨ ਦਾ ਅਭਿਆਸ ਕਰਨਾ ਹੈ। ਹਵਾਈ ਫ਼ੌਜ ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਅਤੇ ਮਿਸਰ 'ਚ "ਅਸਾਧਾਰਨ ਸਬੰਧ ਅਤੇ ਡੂੰਘਾ ਸਹਿਯੋਗ" ਹੈ ਅਤੇ ਦੋਵਾਂ ਨੇ 1960 ਦੇ ਦਹਾਕੇ 'ਚ ਸਾਂਝੇ ਤੌਰ 'ਤੇ ਏਅਰੋ-ਇੰਜਣ ਅਤੇ ਜਹਾਜ਼ ਦਾ ਸਾਂਝੇ ਰੂਪ ਨਾਲ ਵਿਕਸਿਤ ਕੀਤਾ ਸੀ ਅਤੇ ਮਿਸਰ ਦੇ ਪਾਇਲਟਾਂ ਨੂੰ ਭਾਰਤੀ ਹਮਰੁਤਬਾ ਵਲੋਂ ਸਿਖਲਾਈ ਦਿੱਤੀ ਗਈ ਸੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕੀਤਾ ਗਿਆ ਸੀ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਦੀ ਭਾਰਤ ਫੇਰੀ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਹੋਰ ਮਜ਼ਬੂਤ ਹੋ ਕੇ ਰਣਨੀਤਕ ਭਾਈਵਾਲੀ ਦੇ ਪੱਧਰ 'ਤੇ ਪਹੁੰਚ ਗਏ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੂਨ ਵਿਚ ਮਿਸਰ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਦੋਵਾਂ ਧਿਰਾਂ ਨੇ ਆਪਣੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ​​ਕਰਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ ਸੀ। ਭਾਰਤ ਅਤੇ ਮਿਸਰ ਵਿਚਕਾਰ ਰੱਖਿਆ ਅਤੇ ਰਣਨੀਤਕ ਸਹਿਯੋਗ ਪਿਛਲੇ ਸਾਲਾਂ ਦੌਰਾਨ ਵਧਿਆ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਇਸ ਸਾਲ ਜਨਵਰੀ 'ਚ ਪਹਿਲਾ ਸਾਂਝਾ ਅਭਿਆਸ ਕੀਤਾ ਸੀ। ਮਿਸਰ ਪਹਿਲਾਂ ਹੀ ਭਾਰਤ ਤੋਂ ਤੇਜਸ ਹਲਕੇ ਲੜਾਕੂ ਜਹਾਜ਼, ਰਾਡਾਰ, ਫੌਜੀ ਹੈਲੀਕਾਪਟਰ ਅਤੇ ਹੋਰ ਫੌਜੀ ਸਾਜ਼ੋ-ਸਾਮਾਨ ਖਰੀਦਣ ਵਿੱਚ ਦਿਲਚਸਪੀ ਦਿਖਾ ਚੁੱਕਾ ਹੈ।


author

Tanu

Content Editor

Related News