BSF ਦੀ ਵੱਡੀ ਕਾਰਵਾਈ, 5 ਕਰੋੜ ਦੀ ਹੈਰੋਇਨ ਸਣੇ ਦੋ ਡਰੋਨ ਜ਼ਬਤ
Monday, Oct 13, 2025 - 10:00 PM (IST)

ਅੰਮ੍ਰਿਤਸਰ (ਨੀਰਜ ਸ਼ਰਮਾ) - ਅੰਮ੍ਰਿਤਸਰ ਸੈਕਟਰ ‘ਚ ਬੀ.ਐਸ.ਐਫ਼ (BSF) ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ 5 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਡਰੋਨ ਜ਼ਬਤ ਕੀਤੇ ਹਨ। ਇਹ ਕਾਰਵਾਈ ਦੋ ਵੱਖ-ਵੱਖ ਥਾਵਾਂ, ਸਰਹੱਦੀ ਪਿੰਡ ਹਵੇਲੀਆ ਅਤੇ ਨੌਸ਼ਹਰਾ ਡੱਲਾ ‘ਚ ਕੀਤੀ ਗਈ।
ਜਾਣਕਾਰੀ ਅਨੁਸਾਰ, ਪਿੰਡ ਹਵੇਲੀਆ ਤੋਂ ਇੱਕ ਵੱਡਾ ਹੈਕਸਾਕਾਪਟਰ ਡਰੋਨ ਕਬਜ਼ੇ ‘ਚ ਲਿਆ ਗਿਆ ਹੈ ਜੋ 10 ਤੋਂ 15 ਕਿਲੋ ਤੱਕ ਭਾਰ ਉਠਾਉਣ ਦੀ ਸਮਰੱਥਾ ਰੱਖਦਾ ਹੈ। ਇਸੇ ਤਰ੍ਹਾਂ, ਨੌਸ਼ਹਰਾ ਡੱਲਾ ‘ਚ ਬੀ.ਐਸ.ਐਫ਼ ਦੀ ਟੀਮ ਨੇ ਇੱਕ ਮਿਨੀ ਪਾਕਿਸਤਾਨੀ ਡਰੋਨ ਵੀ ਜ਼ਬਤ ਕੀਤਾ ਹੈ।
ਅਧਿਕਾਰੀਆਂ ਦੇ ਅਨੁਸਾਰ, ਡਰੋਨਾਂ ਰਾਹੀਂ ਭੇਜੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ‘ਚ ਲਗਭਗ 5 ਕਰੋੜ ਰੁਪਏ ਦੱਸੀ ਗਈ ਹੈ। ਬੀ.ਐਸ.ਐਫ਼ ਨੇ ਤੁਰੰਤ ਮੌਕੇ ‘ਤੇ ਸਰਚ ਅਭਿਆਨ ਚਲਾਇਆ ਅਤੇ ਡਰੋਨ ਸਮੇਤ ਸਾਰੇ ਸਬੂਤ ਕਬਜ਼ੇ ‘ਚ ਲਏ।
ਇਹ ਘਟਨਾ ਇਕ ਵਾਰ ਫਿਰ ਦਰਸਾਉਂਦੀ ਹੈ ਕਿ ਪਾਕਿਸਤਾਨੀ ਤਸਕਰ ਵੱਡੇ ਪੱਧਰ ‘ਤੇ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਏਜੰਸੀਆਂ ਨੇ ਕਿਹਾ ਕਿ ਸਰਹੱਦ ‘ਤੇ ਡਰੋਨ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਪੈਟਰੋਲਿੰਗ ਹੋਰ ਵਧਾ ਦਿੱਤੀ ਗਈ ਹੈ।
ਬੀ.ਐਸ.ਐਫ਼ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਰਹੱਦ ‘ਤੇ ਹਰ ਸਮੇਂ ਚੌਕਸੀ ‘ਚ ਹੈ ਅਤੇ ਭਵਿੱਖ ‘ਚ ਐਸੀ ਤਸਕਰੀ ਦੀਆਂ ਕੋਸ਼ਿਸ਼ਾਂ ਨੂੰ ਸਖ਼ਤੀ ਨਾਲ ਨਾਕਾਮ ਕੀਤਾ ਜਾਵੇਗਾ।