ਹਰਿਆਣਾ : ਹਿਸਾਰ ''ਚ ਵਾਪਰਿਆ ਹਾਦਸਾ, 5 ਲੋਕਾਂ ਦੀ ਮੌਤ
Monday, Oct 17, 2022 - 04:14 PM (IST)

ਹਿਸਾਰ (ਭਾਸ਼ਾ)- ਹਰਿਆਣਾ ਦੇ ਹਿਸਾਰ ਜ਼ਿਲ੍ਹੇ 'ਚ ਐਤਵਾਰ ਰਾਤ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਸਮੇਤ ਕੁੱਲ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਐਤਵਾਰ ਰਾਤ ਨਾਰਨੌਂਦ ਉਪਮੰਡਲ ਦੇ ਬਾਸ ਪਿੰਡ ਨੇੜੇ ਜੀਂਦ-ਭਿਵਾਨੀ ਰੋਡ 'ਤੇ ਵਾਪਰੀ। ਪੁਲਸ ਨੇ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਅਤੇ ਕਾਰ ਦੀ ਆਹਮਣੇ-ਸਾਹਮਣੇ ਦੀ ਟੱਕਰ 'ਚ ਕਾਰ 'ਚ ਸਵਾਰ 4 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਹਾਂ ਵਾਹਨਾਂ ਦੀ ਟੱਕਰ 'ਚ 2 ਮੋਟਰਸਾਈਕਲਾਂ ਵੀ ਟਕਰਾ ਗਈਆਂ ਅਤੇ ਇਸ ਦੌਰਾਨ ਇਕ ਵਿਅਕਤੀ ਮਾਰਿਆ ਗਿਆ।
ਪੁਲਸ ਨੇ ਦੱਸਿਆ ਕਿ ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦੋਂ ਕਿ ਟਰੱਕ ਸੜਕ 'ਤੇ ਹੀ ਪਲਟ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੌਰਾਨ ਭਿਵਾਨੀ ਵਾਸੀ ਗੋਵਿੰਦਾ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨਾਲ ਘਰ ਪਰਤ ਰਹੇ ਸਨ। ਪੁਲਸ ਨੇ ਦੱਸਿਆ ਕਿ ਗੋਵਿੰਦਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਦੋਂ ਕਿ ਪਰਿਵਾਰ ਦੇ ਚਾਰ ਹੋਰ ਮੈਂਬਰ (ਡੌਲੀ, ਰਜਨੀ, ਰਾਧੇਸ਼ਾਮ, ਅਤੇ ਸਾਹਿਲ) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਜੀਂਦ ਜ਼ਿਲ੍ਹੇ ਦੇ ਧਮਤਾਨ ਸਾਹਿਬ ਵਾਸੀ ਮਨਜੀਤ ਦੀ ਵੀ ਮੌਤ ਹੋ ਗਈ, ਜੋ ਮੋਟਰਸਾਈਕਲ 'ਤੇ ਸਵਾਰ ਸੀ। ਪੁਲਸ ਨੇ ਦੱਸਿਆ ਕਿ ਬਾਸ ਪਿੰਡ ਵਾਸੀ ਸੁਰੇਂਦਰ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਦੂਜੀ ਮੋਟਰਸਾਈਕਲ 'ਤੇ ਸਨ। ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਹਾਂਸੀ ਦੇ ਇਕ ਨਿੱਜੀ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।