ਅਨੁਸੂਚਿਤ ਜਾਤ ਦਾ 2 ਸਾਲ ਦਾ ਬੱਚਾ ਗਿਆ ਮੰਦਰ ਤਾਂ ਪਰਿਵਾਰ ਤੋਂ ਮੰਗਿਆ 25 ਹਜ਼ਾਰ ਜੁਰਮਾਨਾ
Wednesday, Sep 22, 2021 - 01:58 PM (IST)
ਕੋਪੱਲ- ਕਰਨਾਟਕ ’ਚ ਕੋਪੱਲ ਜ਼ਿਲ੍ਹੇ ਦੇ ਮਿਆਪੁਰ ਪਿੰਡ ’ਚ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਹਨੂੰਮਾਨ ਮੰਦਰ ਦੇ ‘ਸ਼ੁੱਧੀਕਰਨ’ ਲਈ ਇਕ ਅਨੁਸੂਚਿਤ ਜਾਤੀ ਪਰਿਵਾਰ ਤੋਂ ਜੁਰਮਾਨੇ ਦੇ ਰੂਪ ’ਚ 25 ਹਜ਼ਾਰ ਰੁਪਏ ਮੰਗਣ ਦੇ ਦੋਸ਼ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਨੁਸੂਚਿਤ ਜਾਤੀ ਪਰਿਵਾਰ ਤੋਂ ਉਨ੍ਹਾਂ ਦਾ 2 ਸਾਲਾ ਪੁੱਤ ਦੇ ਮੰਦਰ ’ਚ ਪ੍ਰਵੇਸ਼ ਕਰਨ ਤੋਂ ਬਾਅਦ ਇਹ ਜੁਰਮਾਨਾ ਰਾਸ਼ੀ ਮੰਗੇ ਜਾਣ ਦਾ ਦੋਸ਼ ਹੈ। ਪੁਲਸ ਸੁਪਰਡੈਂਟ ਟੀ ਸ਼੍ਰੀਧਰ ਨੇ ਬੁੱਧਵਾਰ ਨੂੰ ਦੱਸਿਆ,‘‘ਅਸੀਂ ਇਸ ਮਾਮਲੇ ਦੇ ਸੰਬੰਧ ’ਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।’’ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 4 ਸਤੰਬਰ ਦੀ ਹੈ ਅਤੇ ਇਸ ਦਾ ਪਤਾ ਸੋਮਵਾਰ ਨੂੰ ਉਦੋਂ ਲੱਗਾ, ਜਦੋਂ ਇਕ ਮਾਮਲਾ ਦਰਜ ਕਰਵਾਇਆ ਗਿਆ। ਸ਼੍ਰੀਧਰ ਨੇ ਕਿਹਾ,‘‘ਅਨੁਸੂਚਿਤ ਜਾਤੀ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।’’ ਚੇਨਾਦਾਸਰ ਭਾਈਚਾਰੇ ਨਾਲ ਸੰਬੰਧ ਰੱਖਣ ਵਾਲਾ ਚੰਦਰਸ਼ੇਖਰ 4 ਸਤੰਬਰ ਨੂੰ ਆਪਣੇ 2 ਸਾਲ ਦੇ ਪੁੱਤ ਦੇ ਜਨਮ ਦਿਨ ’ਤੇ ਉਸ ਲਈ ਭਗਵਾਨ ਹਨੂੰਮਾਨ ਦਾ ਆਸ਼ੀਰਵਾਦ ਲੈਣਾ ਚਾਹੁੰਦਾ ਸੀ। ਅਧਿਾਕਰੀ ਨੇ ਦੱਸਿਆ,‘‘ਚੰਦਰਸ਼ੇਖਰ ਅਤੇ ਉਸ ਦੇ ਪਰਿਵਾਰ ਦੇ ਮੈਂਬਰ ਬਾਹਰ ਖੜ੍ਹੇ ਸਨ ਪਰ ਬੱਚਾ ਮੰਦਰ ਦੇ ਅੰਦਰ ਚੱਲਾ ਗਿਆ, ਜਿਸ ਨਾਲ ਮੰਦਰ ਦਾ ਪੁਜਾਰੀ ਨਾਰਾਜ਼ ਹੋ ਗਿਆ ਅਤੇ ਉਸ ਨੇ ਇਸ ਨੂੰ ਇਕ ਮੁੱਦਾ ਬਣਾ ਲਿਆ।’’
ਉੱਚ ਜਾਤੀ ਦੇ ਕੁਝ ਹੋਰ ਲੋਕਾਂ ਨੇ ਪੁਜਾਰੀ ਦਾ ਪੱਖ ਲਿਆ ਅਤੇ 11 ਸਤੰਬਰ ਨੂੰ ਇਕ ਬੈਠਕ ਬੁਲਾਈ ਗਈ, ਜਿਸ ’ਚ ਉਨ੍ਹਾਂ ਨੇ ਮੰਦਰ ਦੇ ਸ਼ੁੱਧੀਕਰਨ ਦੇ ਖਰਚ ਲਈ 25 ਹਜ਼ਾਰ ਰੁਪਏ ਮੰਗੇ। ਹਾਲਾਂਕਿ ਉੱਚ ਜਾਤੀ ਦੇ ਹੋਰ ਪਿੰਡ ਵਾਸੀਆਂ ਨੇ ਇਸ ਕਦਮ ਨੂੰ ਕਠੋਰ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ। ਇਸ ਮਾਮਲੇ ਨਾਲ ਪਿੰਡ ’ਚ ਇਕ ਬਹਿਸ ਸ਼ੁਰੂ ਹੋ ਗਈ ਅਤੇ ਇਹ ਮਾਮਲਾ ਪੁਲਸ ਦੇ ਨੋਟਿਸ ’ਚ ਆਇਾ। ਚੰਦਰਸ਼ੇਖਰ ਦਾ ਪਰਿਵਾਰ ਉੱਚ ਜਾਤੀ ਦੇ ਲੋਕਾਂ ਦੀ ਨਾਰਾਜ਼ਗੀ ਦੇ ਡਰ ਕਾਰਨ ਪੁਲਸ ’ਚ ਸ਼ਿਕਾਇਤ ਕਰਨ ਤੋਂ ਡਰ ਰਿਹਾ ਸੀ। ਕੋਪੱਲ ਜ਼ਿਲ੍ਹੇ ਦੇ ਚੇਨਾਦਾਸਰ ਮਹਾਸਭਾ ਦੇ ਕੁਝ ਮੈਂਬਰ ਵੀ ਪਿੰਡ ’ਚ ਗਏ ਅਤੇ ਬੈਠਕਾਂ ਕੀਤੀਆਂ, ਜਿਸ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ। ਸਮਾਜਿਕ ਕਲਿਆਣ ਵਿਭਾਗ ਦੇ ਸਹਾਇਕ ਡਾਇਰੈਕਟਰ ਬਾਲਚੰਦਰ ਸੰਗਾਨਲ ਦੀ ਸ਼ਿਕਾਇਤ ’ਤੇ ਮੰਗਲਵਾਰ ਨੂੰ ਮਾਮਲਾ ਦਰਜ ਕੀਤਾ ਗਿਆ। ਪਿਛਲੇ 2 ਦਿਨਾਂ ’ਚ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਲਈ ਬੈਠਕਾਂ ਕੀਤੀਆਂ। ਇਸ ਤੋਂ ਬਾਅਦ ਇਕ ਮਹਾ ਪੂਜਾ ਦਾ ਆਯੋਜਨ ਕੀਤਾ ਗਿਆ, ਜਿਸ ’ਚ ਪੁਲਸ ਦੀ ਮੌਜੂਦਗੀ ’ਚ ਚੇਨਾਦਾਸਰ ਭਾਈਚਾਰੇ ਸਮੇਤ ਪਿੰਡ ਦੇ ਸਾਰੇ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ।