ਕੋਰੋਨਾ ਟੀਕਾਕਰਨ ਦੀ ਮਹਾ ਮੁਹਿੰਮ, ਦਿੱਲੀ ਮਗਰੋਂ ਗੁਜਰਾਤ ਪੁੱਜੀ ‘ਕੋਵੀਸ਼ੀਲਡ’ ਦੀ ਪਹਿਲੀ ਖੇਪ

Tuesday, Jan 12, 2021 - 03:04 PM (IST)

ਕੋਰੋਨਾ ਟੀਕਾਕਰਨ ਦੀ ਮਹਾ ਮੁਹਿੰਮ, ਦਿੱਲੀ ਮਗਰੋਂ ਗੁਜਰਾਤ ਪੁੱਜੀ ‘ਕੋਵੀਸ਼ੀਲਡ’ ਦੀ ਪਹਿਲੀ ਖੇਪ

ਗਾਂਧੀਨਗਰ— ਗੁਜਰਾਤ ਵਿਚ ਕੋਰੋਨਾ ਵੈਕਸੀਨ  ‘ਕੋਵੀਸ਼ੀਲਡ’ ਦੀ ਪਹਿਲੀ ਖੇਪ ਅੱਜ ਪਹੁੰਚ ਗਈ ਹੈ ਅਤੇ ਪਹਿਲੇ ਪੜਾਅ ਵਿਚ ਟੀਕਾਕਰਨ ਦੀ ਪ੍ਰਕਿਰਿਆ 16 ਜਨਵਰੀ ਤੋਂ ਸੂਬੇ ਭਰ ’ਚ 287 ਕੇਂਦਰਾਂ ’ਤੇ ਹੋਵੇਗੀ। ਸੂਬੇ ਦੇ ਉੱਪ ਮੁੱਖ ਮੰਤਰੀ ਸਹਿ ਸਿਹਤ ਮੰਤਰੀ ਨਿਤਿਨ ਪਟੇਲ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ’ਤੇ ਮੌਜੂਦ ਸਨ, ਜਦੋਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਤੋਂ 2 ਲੱਖ 76 ਹਜ਼ਾਰ ‘ਕੋਵੀਸ਼ੀਲਡ’ ਵੈਕਸੀਨ ਟੀਕੇ ਦੇ ਪਹਿਲੀ ਖੇਪ ਲੈ ਕੇ ਏਅਰ ਇੰਡੀਆ ਦੀ ਉਡਾਣ ਉੱਥੇ ਪੁੱਜੀ। ਇਸ ਤੋਂ ਬਾਅਦ ਅਹਿਮਾਦਾਬਦ ਸਿਵਲ ਹਸਪਤਾਲ ਅਤੇ ਰਾਜਧਾਨੀ ਗਾਂਧੀਨਗਰ ’ਚ ਬਣਾਏ ਗਏ ਵਿਸ਼ੇਸ਼ ਟੀਕਾ ਸਮੂਹ ਥਾਵਾਂ ’ਤੇ ਵਿਸ਼ੇਸ਼ ਵੈਨ ਤੋਂ ਪਹੁੰਚਾਇਆ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਹੀ ਦਿੱਲੀ ਹਵਾਈ ਅੱਡੇ ’ਤੇ ਏਅਰ ਇੰਡੀਆ ਦੀ ਉਡਾਣ ਜ਼ਰੀਏ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪੁੱਜੀ ਹੈ।

PunjabKesari

ਇਸ ਟੀਕੇ ਨੂੰ ਸੁਰੱਖਿਅਤ ਰੱਖਣ ਲਈ 2 ਤੋਂ 8 ਡਿਗਰੀ ਸੈਲਸੀਅਸ ਦਾ ਤਾਪਮਾਨ ਬਣਾ ਕੇ ਰੱਖਣਾ ਜ਼ਰੂਰੀ ਹੈ। ਟੀਕਾਕਰਨ ਦੇ ਪਹਿਲੇ ਪੜਾਅ ਵਿਚ ਕੋਰੋਨਾ ਯੋਧਿਆਂ ਜਿਵੇਂ ਕਿ ਡਾਕਟਰ, ਨਰਸ, ਪੁਲਸ ਮੁਲਾਜ਼ਮ, ਸਫ਼ਾਈ ਕਾਮਿਆਂ ਆਦਿ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਇਹ ਮੁਫ਼ਤ ਹੋਵੇਗਾ। ਅਜਿਹੇ ਲੋਕਾਂ ਦੀ ਪੂਰੀ ਸੂਚੀ ਤਿਆਰ ਕਰ ਲਈ ਗਈ ਹੈ। ਮੁੱਖ ਮੰਤਰੀ ਅਤੇ ਹੋਰ ਸਿਆਸੀ ਨੇਤਾਵਾਂ ਨੂੰ ਇਸ ਤੋਂ ਬਾਅਦ ਟੀਕਾ ਲੱਗੇਗਾ। ਦੂਜੇ ਪੜਾਅ ’ਚ 50 ਸਾਲ ਤੋਂ ਵਧੇਰੀ ਉਮਰ ਦੇ ਮਰੀਜ਼ਾਂ, ਸ਼ੂਗਰ ਤੇ ਬਲੱਡ ਪ੍ਰੈੱਸ਼ਰ ਵਰਗੇ ਰੋਗਾਂ ਦੇ ਕਿਸੇ ਵੀ ਉਮਰ ਦੇ ਪੀੜਤਾਂ ਨੂੰ ਟੀਕਾ ਲਾਇਆ ਜਾਵੇਗਾ। ਇਸ ਵਿਚ ਕੋਰੋਨਾ ਪ੍ਰਤੀਰੋਧਕ ਸਮਰੱਥਾ ਇਕ ਮਹੀਨੇ ਦੇ ਫ਼ਰਕ ’ਤੇ ਦੋ ਡੋਜ਼ ਲੈਣ ਦੇ 15 ਦਿਨ ਬਾਅਦ ਪੈਦਾ ਹੋਵੇਗੀ। 

ਦੱਸ ਦੇਈਏ ਕਿ ਪਹਿਲੇ ਪੜਾਅ ਵਿਚ 3 ਕਰੋੜ ਲੋਕਾਂ ਨੂੰ ਮੁਫ਼ਤ ਟੀਕਾਕਰਨ ਦੀ ਕੇਂਦਰ ਸਰਕਾਰ ਦੀ ਯੋਜਨਾ ਹੈ। ਇਸ ਯੋਜਨਾ ਮੁਤਾਬਕ ਪੁਣੇ ਤੋਂ ਏਅਰ ਇੰਡੀਆ, ਸਪਾਈਸ ਜੈੱਟ, ਗੋ ਏਅਰ ਅਤੇ ਇੰਡੀਗੋ ਦੀਆਂ ਉਡਾਣਾਂ 56 ਲੱਖ ਤੋਂ ਵਧੇਰੇ ਟੀਕਿਆਂ ਦੀ ਖੇਪ ਲੈ ਕੇ ਅਹਿਮਦਾਬਾਦ, ਦਿੱਲੀ, ਚੇਨਈ, ਕੋਲਕਾਤਾ, ਹੈਦਰਾਬਾਦ, ਵਿਜੇਵਾੜਾ, ਭੁਵਨੇਸ਼ਵਰ, ਪਟਨਾ, ਬੈਂਗਲੁਰੂ, ਲਖਨਊ ਅਤੇ ਚੰਡੀਗੜ੍ਹ ਲਈ ਅੱਜ ਕੁੱਲ 9 ਉਡਾਣਾਂ ਚਾਲੂ ਕਰ ਰਹੀ ਹੈ।


author

Tanu

Content Editor

Related News