ਨਿਮੋਨੀਆ ਦੇ ਇਲਾਜ ਦੇ ਨਾਂ ''ਤੇ 2 ਸਾਲ ਦੀ ਮਾਸੂਮ ਬੱਚੀ ਨੂੰ ਗਰਮ ਚਿਮਟੇ ਨਾਲ ਦਾਗ਼ਿਆ (ਤਸਵੀਰਾਂ)

01/16/2017 10:36:51 AM

ਅਜਮੇਰ— ਨਿਮੋਨੀਆ ਦੇ ਇਲਾਜ ਦੇ ਨਾਂ ''ਤੇ 2 ਸਾਲ ਦੀ ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਗਰਮ ਚਿਮਟੇ ਨਾਲ ਦਾਗ਼ਿਆ ਗਿਆ। ਸ਼ਨੀਵਾਰ ਨੂੰ ਬੱਚੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮਾਮਲਾ ਅਜਮੇਰ ਸੰਭਾਗ ਦੇ ਭੀਲਵਾੜਾ ਜ਼ਿਲੇ ਦੇ ਬਨੇੜਾ ਪਿੰਡ ਪੰਚਾਇਤ ਦੇ ਆਮਲੀ ਪਿੰਡ ਦਾ ਹੈ। ਜਿੱਥੇ ਪਿਛਲੇ ਦਿਨੀਂ ਜਮਨਾਲਾਲ ਬੈਰਵਾ ਦੀ 2 ਸਾਲਾ ਬੱਚੀ ਨੂੰ ਨਿਮੋਨੀਆ ਦੀ ਸ਼ਿਕਾਇਤ ਹੋਈ ਸੀ। ਉਸ ਨੂੰ ਸਾਹ ਲੈਣ ''ਚ ਪਰੇਸ਼ਾਨੀ ਹੋ ਰਹੀ ਸੀ। ਪਰਿਵਾਰ ਵਾਲਿਆਂ ਨੇ ਉਸ ਨੂੰ ਗੰਭੀਰ ਹਾਲਤ ''ਚ 10 ਜਨਵਰੀ ਨੂੰ ਸ਼ਾਹਪੁਰਾ ਦੇ ਮਹਾਤਮਾ ਗਾਂਧੀ ਹਸਪਤਾਲ ''ਚ ਭਰਤੀ ਕਰਵਾਇਆ ਸੀ ਪਰ ਜਦੋਂ ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਤਾਂ ਉਹ ਹੈਰਾਨ ਰਹਿ ਗਏ। ਬੱਚੀ ਦੇ ਪੇਟ ਅਤੇ ਸਰੀਰ ਦੇ ਹੋਰ ਹਿੱਸੇ ਨੂੰ ਗਰਮ ਚਿਮਟੇ ਨਾਲ ਦਾਗ਼ਿਆ ਗਿਆ ਸੀ। ਸੜਨ ਨਾਲ ਉਸ ਨੂੰ ਇਨਫੈਕਸ਼ਨ ਹੋ ਗਿਆ ਸੀ।
ਬੱਚੀ ਦੇ ਪਿਤਾ ਆਮਲੀ ਵਾਸੀ ਜਮਨਾਲਾਲ ਬੈਰਵਾ ਨੇ ਦੱਸਿਆ ਕਿ ਬੱਚੀ ਖੁਸ਼ਬੂ ਨੂੰ 5 ਦਿਨ ਪਹਿਲਾਂ ਸਾਹ ਲੈਣ ''ਚ ਤਕਲੀਫ ਹੋਣ ਲੱਗੀ ਸੀ। ਲੋਕਾਂ ਦੀ ਸਲਾਹ ਨਾਲ ਉਹ ਉਸ ਨੂੰ ਨਜ਼ਦੀਕੀ ਪਿੰਡ ਮਹੁਆ ਲੈ ਗਿਆ। ਉੱਥੇ ਇਕ ਵਿਅਕਤੀ ਨੇ ਠੀਕ ਕਰਨ ਦੀ ਗਾਰੰਟੀ ਦਿੰਦੇ ਹੋਏ ਬੱਚੀ ਨੂੰ ਗਰਮ ਚਿਮਟੇ ਨਾਲ ਦਾਗ਼ਣ ਦੀ ਸਲਾਹ ਦਿੱਤੀ ਸੀ, ਭਗਵਾਨ ''ਤੇ ਵਿਸ਼ਵਾਸ ਕਰ ਕੇ ਉਸ ਨੇ ਅਜਿਹਾ ਹੀ ਕੀਤਾ ਪਰ ਬੱਚੀ ਦੀ ਸਿਹਤ ਹੋਰ ਵਿਗੜ ਗਈ। ਉਸ ਨੂੰ ਹਸਪਤਾਲ ''ਚ ਭਰਤੀ ਕਰਵਾਇਆ ਗਿਆ। ਬੇਟੀ ਦੀ ਮੌਤ ਤੋਂ ਬਾਅਦ ਜਮਨਾਲਾਲ ਕੋਲ ਪਛਤਾਉਣ ਤੋਂ ਇਲਾਵਾ ਕੁਝ ਨਹੀਂ ਬਚਿਆ ਸੀ। ਭੀਲਵਾੜਾ ਦੇ ਬਨੇੜਾ ਥਾਣਾ ਇੰਚਾਰਜ ਸ਼ੇਡੂਰਾਮ ਅਨੁਸਾਰ ਬੱਚੀ ਦੇ ਪਿਤਾ ਜਮਨਾਲਾਲ ਅਤੇ ਇਕ ਹੋਰ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 323, 324 ਅਤੇ 336 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦਾ ਅਸਲ ਕਾਰਨ ਸਾਹਮਣੇ ਆਏਗਾ, ਇਸ ਤੋਂ ਬਾਅਦ ਹੋਰ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ।


Disha

News Editor

Related News