ਜੰਮੂ ਸਥਿਤ ਸਿਵਲ ਸਕੱਤਰੇਤ ''ਚ ਲੱਗੀ ਅੱਗ, ਮੌਕੇ ''ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ
Wednesday, Dec 28, 2022 - 05:28 PM (IST)
ਜੰਮੂ- ਜੰਮੂ 'ਚ ਸਥਿਤ ਸਿਵਲ ਸਕੱਤਰੇਤ ਦੀ ਮੁੱਖ ਇਮਾਰਤ 'ਚ ਬੁੱਧਵਾਰ ਨੂੰ ਅੱਗ ਲੱਗ ਗਈ, ਹਾਲਾਂਕਿ ਇਸ 'ਤੇ ਜਲਦੀ ਹੀ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੀ ਉਪ ਪ੍ਰਧਾਨ ਹਿਨਾ ਸ਼ਫੀ ਭੱਟ ਦੇ ਕਮਰੇ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ਹਿਰ ਦੇ ਮੱਧ ਵਿਚ ਸਥਿਤ ਬਹੁਮੰਜ਼ਿਲਾ ਇਮਾਰਤ ਦੀ ਉਪਰਲੀ ਮੰਜ਼ਿਲ 'ਤੇ ਇਕ ਕਮਰੇ 'ਚ ਦੁਪਹਿਰ ਕਰੀਬ 1 ਵਜੇ ਅੱਗ ਲੱਗੀ।
ਅਧਿਕਾਰੀਆਂ ਨੇ ਦੱਸਿਆ ਕਿ ਸਕੱਤਰੇਤ 'ਤੇ ਤਾਇਨਾਤ ਫਾਇਰ ਡਿਪਾਰਟਮੈਂਟ ਦੀ ਇਕ ਫਾਇਰ ਗੱਡੀ ਨੂੰ ਤੁਰੰਤ ਸੇਵਾ ਵਿਚ ਲਗਾਇਆ ਗਿਆ ਅਤੇ ਇਮਾਰਤ ਦੇ ਆਲੇ-ਦੁਆਲੇ ਦੇ 6 ਹੋਰ ਸਟੇਸ਼ਨਾਂ ਤੋਂ ਫਾਇਰ ਡਿਪਾਰਟਮੈਂਟ ਦੀ ਗੱਡੀਆਂ ਭੇਜੀਆਂ ਗਈਆਂ। ਉਨ੍ਹਾਂ ਕਿਹਾ ਕਿ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਸ ਦੇ ਕਾਰਨਾਂ ਅਤੇ ਨੁਕਸਾਨ ਬਾਰੇ ਰਿਪੋਰਟ ਦੀ ਉਡੀਕ ਹੈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਦੋਂ ਭੱਟ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਪਣੇ ਕਮਰੇ 'ਚ ਤਾਰਾਂ ਦੀ ਬਦਬੂ ਆਉਣ ਤੋਂ ਬਾਅਦ ਅੱਗ ਦੇਖੀ ਅਤੇ ਸਟਾਫ ਨੂੰ ਸੂਚਿਤ ਕੀਤਾ। ਫਾਇਰ ਸਰਵਿਸ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਦੀ ਵਰਤੋਂ ਕਰਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ।