ਸਪਨਾ ਚੌਧਰੀ ਦੇ ਪਤੀ ਖ਼ਿਲਾਫ਼ FIR ਦਰਜ, ਲੱਗੇ ਗੰਭੀਰ ਦੋਸ਼
Wednesday, Oct 14, 2020 - 09:48 PM (IST)
ਚੰਡੀਗੜ੍ਹ - ਹਾਲ ਹੀ 'ਚ ਮਾਂ ਬਣੀ ਸਪਨਾ ਚੌਧਰੀ ਦੇ ਪਤੀ ਵੀਰ ਸਾਹੂ ਖ਼ਿਲਾਫ਼ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਹਰਿਆਣਾ ਦੇ ਮੇਹਮ ਪੁਲਸ ਸਟੇਸ਼ਨ 'ਚ ਇੱਕ ਸ਼ਿਕਾਇਤ ਦੇ ਆਧਾਰ 'ਤੇ ਸਪਨਾ ਚੌਧਰੀ ਦੇ ਪਤੀ 'ਤੇ ਇਹ ਕੇਸ ਦਰਜ ਕੀਤਾ ਗਿਆ ਹੈ।
ਇਸ ਦਰਜ ਕੀਤੀ ਗਈ ਸ਼ਿਕਾਇਤ ਮੁਤਾਬਕ 12 ਅਕਤੂਬਰ ਨੂੰ ਵੀਰ ਸਾਹੂ ਨੇ ਮੇਹਮ ਚੌਬੀ ਪਲੇਟਫਾਰਮ 'ਤੇ ਆਪਣੇ ਸਪੋਰਟਰਾਂ ਨਾਲ ਇਕੱਠਾ ਹੋਣ ਦਾ ਫੈਸਲਾ ਕੀਤਾ ਸੀ ਜਿਸ ਦੇ ਲਈ ਉਨ੍ਹਾਂ ਨੇ ਕੋਈ ਇਜਾਜ਼ਤ ਨਹੀਂ ਲਈ ਸੀ। ਉੱਥੇ ਉਨ੍ਹਾਂ ਨਾਲ 15-18 ਗੱਡੀਆਂ ਵੀ ਸਨ। ਹਾਲਾਂਕਿ ਉਨ੍ਹਾਂ ਨੂੰ ਪਤਾ ਚੱਲ ਗਿਆ ਕਿ ਰਸਤੇ 'ਚ ਪੁਲਸ ਮੌਜੂਦ ਹੈ ਅਤੇ ਇੰਨੇ ਲੋਕਾਂ ਨੂੰ ਇਕੱਠਾ ਹੋਣ ਦੀ ਇਜਾਜ਼ਤ ਨਹੀਂ ਮਿਲੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਮਰਥਕਾਂ ਨਾਲ ਰਸਤਾ ਬਦਲ ਲਿਆ ਅਤੇ ਫਰਮਾਨਾ ਬਾਇਪਾਸ ਵੱਲ ਚਲੇ ਗਏ।
ਇਸ ਸ਼ਿਕਾਇਤ 'ਚ ਇਹ ਵੀ ਲਿਖਿਆ ਹੈ ਕਿ ਵੀਰ ਸਾਹੂ 60-65 ਲੋਕਾਂ ਨਾਲ ਬਾਇਪਾਸ 'ਤੇ ਇਕੱਠਾ ਹੋ ਗਏ ਸਨ। ਸ਼ਿਕਾਇਤ 'ਚ ਲਿਖਿਆ ਗਿਆ ਹੈ ਕਿ ਹਾਲਾਂਕਿ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ ਇਸ ਲਈ ਉਹ ਕੋਰੋਨਾ ਵਾਇਰਸ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਸ਼ਿਕਾਇਤ ਦੇ ਆਧਾਰ 'ਤੇ ਵੀਰ ਸਾਹੂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188/34 ਅਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51ਬੀ ਦੇ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।