ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ

Tuesday, Nov 29, 2022 - 04:15 PM (IST)

ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਮਾਮਲੇ 'ਚ FIR ਦਰਜ, ਪੋਸਟਮਾਰਟਮ ਰਿਪੋਰਟ ਦੀ ਉਡੀਕ

ਬਦਾਊਂ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ ਦੇ ਸਦਰ ਕੋਤਵਾਲੀ ਖੇਤਰ 'ਚ ਸ਼ੁੱਕਰਵਾਰ ਨੂੰ ਇਕ ਚੂਹੇ ਨੂੰ ਬੇਰਹਿਮੀ ਨਾਲ ਡੁਬੋ ਕੇ ਮਾਰਨ ਦੇ ਮਾਮਲੇ 'ਚ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਥਾਣਾ ਸਦਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਬਲਿਆਨ ਨੇ ਦੱਸਿਆ ਕਿ ਮੁੱਖ ਪਸ਼ੂ ਮੈਡੀਕਲ ਅਧਿਕਾਰੀ ਡਾ. ਏ.ਕੇ. ਜਾਦੌਨ ਵਲੋਂ ਇਹ ਸਪੱਸ਼ਟ ਕਰਨ 'ਤੇ ਕਿ ਚੂਹਾ ਪਸ਼ੂ ਦੀ ਸ਼੍ਰੇਣੀ 'ਚ ਆਉਂਦਾ ਹੈ, ਪੁਲਸ ਨੇ ਮੁਲਜ਼ਮ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੁਲਜ਼ਮ ਮਨੋਜ ਕੁਮਾਰ ਖ਼ਿਲਾਫ਼ ਪਸ਼ੂ ਕਰੂਅਲਟੀ ਨਿਵਾਰਨ ਐਕਟ ਅਤੇ ਭਾਰਤੀ ਦੰਡਾਵਲੀ ਦੀ ਧਾਰਾ 429 (ਕਿਸੇ ਵੀ ਜਾਨਵਰ ਨੂੰ ਮਾਰਨਾ) ਦੇ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਥਾਣੇ ਤੋਂ ਹੀ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਕਿਹਾ  ਕਿ ਕਿਉਂਕਿ ਇਸ ਜੁਰਮ ਲਈ ਉਸ ਨੂੰ ਜੇਲ੍ਹ ਭੇਜਣ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ। ਹਾਲਾਂਕਿ ਕਾਰਵਾਈ ਜਾਰੀ ਰਹੇਗੀ।

ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਸ਼ਨੀਵਾਰ ਨੂੰ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) 'ਚ ਚੂਹੇ ਦਾ ਪੋਸਟਮਾਰਟਮ ਕੀਤਾ ਗਿਆ। ਆਈਵੀਆਰ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਚੂਹੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਵਿਭਾਗ ਦੇ ਇੰਚਾਰਜ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ ਚੂਹੇ ਦੀ ਪੋਸਟਮਾਰਟਮ ਰਿਪੋਰਟ ਅਗਲੇ ਚਾਰ-ਪੰਜ ਦਿਨਾਂ ਵਿਚ ਦਿੱਤੀ ਜਾਵੇਗੀ। ਬਦਾਊਂ ਦੇ ਮੁੱਖ ਵੈਟਰਨਰੀ ਅਫ਼ਸਰ ਡਾ. ਏ.ਕੇ. ਜਾਦੌਨ ਨੇ ਦੱਸਿਆ ਕਿ ਮੈਡੀਕਲ ਸਾਇੰਸ ਵਿਚ ਚੂਹੇ ਨੂੰ ਜਾਨਵਰ ਦੱਸਿਆ ਗਿਆ ਹੈ, ਜਿਸ ਦੇ ਆਧਾਰ 'ਤੇ ਇਸ ਨੂੰ ਜਾਨਵਰ ਮੰਨਿਆ ਜਾਂਦਾ ਹੈ। ਸੰਵਿਧਾਨ 'ਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਕਿਸੇ ਵੀ ਜੀਵ ਨੂੰ ਮਾਰਿਆ ਜਾਵੇ, ਇਸ ਲਈ ਐੱਫ.ਆਈ.ਆਰ. ਦਰਜ ਕਰਨਾ ਜਾਇਜ਼ ਹੈ। ਇਸ ਤੋਂ ਪਹਿਲਾਂ ਬਦਾਯੂੰ ਨਗਰ ਦੇ ਉਪ ਪੁਲਸ ਕਪਤਾਨ ਆਲੋਕ ਮਿਸ਼ਰਾ ਨੇ ਦੱਸਿਆ ਸੀ ਕਿ ਇਕ ਚੂਹੇ ਨੂੰ ਨਾਲੇ 'ਚ ਡੁਬੋ ਕੇ ਮਾਰਨ ਦਾ ਸ਼ਿਕਾਇਤ ਪੱਤਰ ਆਇਆ ਸੀ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਮਨੋਜ ਕੁਮਾਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਗਈ। ਮਿਸ਼ਰਾ ਨੇ ਦੱਸਿਆ ਸੀ ਕਿ ਚੂਹਾ ਜਾਨਵਰ ਦੀ ਸ਼੍ਰੇਣੀ 'ਚ ਨਹੀਂ ਆਉਂਦਾ, ਇਸ ਲਈ ਪਸ਼ੂ ਬੇਰਹਿਮੀ ਕਾਨੂੰਨ ਲਾਗੂ ਨਹੀਂ ਹੋਵੇਗਾ।

ਜ਼ਿਕਰਯੋਗ ਹੈ ਕਿ ਬਦਾਊਂ ਦੇ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਬਦਾਊਂ ਦੇ ਬਿਜਲੀ ਸਬ-ਸਟੇਸ਼ਨ ਨੇੜੇ ਮਨੋਜ ਕੁਮਾਰ ਨਾਂ ਦੇ ਵਿਅਕਤੀ ਨੂੰ ਚੂਹੇ ਦੀ ਪੂਛ 'ਚ ਧਾਗ਼ੇ ਨਾਲ ਪੱਥਰ ਬੰਨ੍ਹਣ ਤੋਂ ਬਾਅਦ ਉਸ ਨੂੰ ਨਾਲੇ 'ਚ ਸੁੱਟਦੇ ਦੇਖਿਆ ਸੀ। ਵਿਕੇਂਦਰ ਵਲੋਂ ਚੂਹੇ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ 'ਚ ਬਦਾਊਂ ਕੋਤਵਾਲੀ 'ਚ ਪਸ਼ੂ ਬੇਰਹਿਮੀ ਐਕਟ ਤਹਿਤ ਸ਼ਿਕਾਇਤ ਦਰਜ ਕਰਵਾਈ ਤਾਂ ਪੁਲਸ ਨੇ ਮਨੋਜ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ। ਵਿਕੇਂਦਰ ਸ਼ਰਮਾ ਦੀ ਸ਼ਿਕਾਇਤ 'ਤੇ ਸਦਰ ਕੋਤਵਾਲੀ ਪੁਲਸ ਨੇ ਲਾਸ਼ ਨੂੰ ਸੀਲ ਕਰ ਕੇ ਬਦਾਯੂੰ ਦੇ ਪਸ਼ੂ ਹਸਪਤਾਲ ਭੇਜ ਦਿੱਤਾ ਪਰ ਉਥੇ ਮੌਜੂਦ ਸਟਾਫ਼ ਨੇ ਸਾਧਨਾਂ ਦੀ ਘਾਟ ਕਾਰਨ ਪੋਸਟਮਾਰਟਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮ੍ਰਿਤਕ ਚੂਹੇ ਨੂੰ ਪੋਸਟਮਾਰਟਮ ਲਈ ਆਈ.ਵੀ.ਆਰ.ਆਈ ਬਰੇਲੀ ਭੇਜ ਦਿੱਤਾ ਗਿਆ।


author

DIsha

Content Editor

Related News